ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 14 ਅਪਰੈਲ
ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲਿਖਾਰੀ, ਸੰਪਾਦਕ ਅਤੇ ਪ੍ਰੋਫ਼ੈਸਰ ਮੁਹੰਮਦ ਜੁਨੈਦ ਅਕਰਮ ਬੁੱਧਵਾਰ ਨੂੰ ਲਾਹੌਰ ਦੇ ਇੱਕ ਹਸਪਤਾਲ ਵਿੱਚ ਇੰਤਕਾਲ ਹੋ ਗਿਆ, ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪ੍ਰੋਫ਼ੈਸਰ ਮੁਹੰਮਦ ਜੁਨੈਦ ਅਕਰਮ ਦੇ ਇੰਤਕਾਲ ਨੂੰ ਪੰਜਾਬੀ ਮਾਂ ਬੋਲੀ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਫਕੀਰ ਮੁਹੰਮਦ ਫ਼ਕੀਰ ਉਨ੍ਹਾਂ ਦੇ ਨਾਨਾ ਜੀ ਸਨ। ਉਹ 1947 ਤੋਂ ਪਹਿਲਾਂ ਪਟਿਆਲਾ ਰਹਿੰਦੇ ਸਨ ਜਿਨ੍ਹਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਪ੍ਰੋਫ਼ੈਸਰ ਅਕਰਮ ਨੇ ਆਪਣੇ ਨਾਨਾ ਜੀ ਵੱਲੋਂ ਲਹਿੰਦੇ ਪੰਜਾਬ ਵਿਚ ਸ਼ੁਰੂ ਕੀਤੇ ਪਹਿਲੇ ਪੰਜਾਬੀ ਰਸਾਲੇ ਮਹੀਨਾਵਾਰ ‘ਪੰਜਾਬੀ’, ਜੋ ਉਨ੍ਹਾਂ ਦੇਹਾਂਤ ਮਗਰੋਂ 1960 ਵਿਚ ਬੰਦ ਹੋ ਗਿਆ ਸੀ, ਨੂੰ 1992 ਵਿੱਚ ਮੁੜ ਛਾਪਣਾ ਸ਼ੁਰੂ ਕੀਤਾ। ਡਾ. ‘ਆਸ਼ਟ’ ਨੇ ਦੱਸਿਆ ਕਿ ਪ੍ਰੋਫ਼ੈਸਰ ਅਕਰਮ ਲਹਿੰਦੇ ਪੰਜਾਬ ਦੀ ਪ੍ਰਸਿੱਧ ਪੰਜਾਬੀ ਸੰਸਥਾ ‘ਬਜ਼ਮ-ਏ-ਫਕੀਰ’ ਦੇ ਮੌਜੂਦਾ ਪ੍ਰਧਾਨ ਸਨ। ਉਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ’ਚੋਂ ਕਾਵਿ ਸੰਗ੍ਰਹਿ ‘ਪੱਤਣ ਝਨਾਂ ਦਾ’ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪ੍ਰਸਿੱਧੀ ਮਿਲੀ।
ਕੈਪਸ਼ਨ, ਮੁਹੰਮਦ ਜੁਨੈਦ ਅਕਰਮ ਰਾਹੀ