ਡਾ. ਰਜਿੰਦਰ ਸਿੰਘ/ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 25 ਸਤੰਬਰ
ਇਸ ਕਸਬੇ ਤੋਂ 3 ਕਿਲੋਮੀਟਰ ਦੂਰ ਪੈਂਦੇ ਪਿੰਡ ਜੌੜੀਆਂ ਕਲਾਂ ’ਚ ਪਰਿਵਾਰ ਦੇ ਤਿੰਨ ਜੀਆਂ ਦੀ ਭੇਤਭਰੀ ਮੌਤ ਹੋ ਗਈ। ਥਾਣਾ ਡੇਰਾ ਬਾਬਾ ਨਾਨਕ ਦੇ ਮੁਖੀ ਮੁਤਾਬਕ ਜੌੜੀਆਂ ਕਲਾਂ ਪਿੰਡ ਦੀ ਨਵਨੀਤ ਕੌਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਬੀਤੀ ਰਾਤ ਜਦੋਂ ਉਸ ਨੇ ਪੀਣ ਲਈ ਦੁੱਧ ਗਰਮ ਕੀਤਾ ਤਾਂ ਉਸ ਕੋਲੋਂ ਭੁਲੇਖੇ ਨਾਲ ਦੁੱਧ ’ਚ ਕੋਈ ਜ਼ਹਿਰੀਲੀ ਚੀਜ਼ ਪੈ ਗਈ। ਉਸ ਨੇ ਇਹ ਦੁੱਧ ਖੁਦ ਪੀਣ ਤੋਂ ਬਾਅਦ ਆਪਣੀ 16 ਸਾਲਾ ਧੀ ਨਮਨਦੀਪ ਕੌਰ ਅਤੇ ਛੇ ਸਾਲਾ ਪੁੱਤਰ ਨਵਰਾਜ ਸਿੰਘ ਨੂੰ ਵੀ ਦੇ ਦਿੱਤਾ| ਦੇਰ ਰਾਤ ਤਿੰਨਾਂ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਇਨ੍ਹਾਂ ਨੂੰ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਤੜਕੇ ਤਿੰਨਾਂ ਦੀ ਮੌਤ ਹੋ ਗਈ| ਪੁਲੀਸ ਅਧਿਕਾਰੀ ਅਮਰਜੀਤ ਮਸੀਹ ਨੇ ਕਿਹਾ ਕਿ ਨਵਨੀਤ ਦੇ ਘਰ ਕਿਸੇ ਤਰ੍ਹਾਂ ਦਾ ਲੜਾਈ-ਝਗੜਾ ਨਹੀਂ ਸੀ। ਉਨ੍ਹਾਂ ਕਿਹਾ ਕਿ ਲਾਸ਼ਾਂ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤੀਆਂ ਗਈਆਂ ਹਨ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।