ਪੱਤਰ ਪ੍ਰੇਰਕ
ਮੁਕੇਰੀਆਂ, 22 ਜੂਨ
ਆਰਮੀਨੀਆ ਵਿੱਚ ਤੇਜ਼ ਰਫਤਾਰ ਕਾਰ ਦੇ ਦੁਕਾਨ ਅੰਦਰ ਦਾਖ਼ਲ ਹੋ ਜਾਣ ਕਾਰਨ ਨੇੜਲੇ ਪਿੰਡ ਨੁਸ਼ਹਿਰਾ ਪੱਤਣ ਦੇ ਨੌਜਵਾਨ ਸੁਨੀਲ ਕੁਮਾਰ (43) ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ 17 ਜੂਨ ਨੂੰ ਰਾਤ ਕਰੀਬ 9 ਵਜੇ ਵਾਪਰਿਆ ਸੀ ਜਿਸ ਦਾ ਪਰਿਵਾਰ ਨੂੰ ਪਿਛਲੇ ਦਿਨੀਂ ਪਤਾ ਲੱਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਮੋਹਨ ਲਾਲ ਅਤੇ ਭਰਾ ਸਮੀਰ ਕੁਮਾਰ ਨੇ ਦੱਸਿਆ ਕਿ ਸੁਨੀਲ ਕੁਮਾਰ 6-7 ਮਹੀਨੇ ਪਹਿਲਾਂ ਹੀ ਆਰਮੀਨੀਆ ਗਿਆ ਸੀ। ਉਹ ਉੱਥੇ ਫਲਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ। ਜਦੋਂ ਉਹ ਦੁਕਾਨ ’ਤੇ ਕੰਮ ਕਰ ਰਿਹਾ ਸੀ ਤਾਂ ਕਾਰ ਦੁਕਾਨ ਅੰਦਰ ਆ ਵੜੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਮਾਪਿਆਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਕੇਂਦਰ ਸਰਕਾਰ ਕੋਲੋਂ ਲਾਸ਼ ਭਾਰਤ ਮੰਗਵਾਉਣ ਅਤੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।