ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ, ਪ੍ਰਸਿੱਧ ਨਾਟਕਕਾਰ ਅਤੇ ਖੋਜੀ ਡਾ. ਤਾਰਾ ਸਿੰਘ ਸੰਧੂ ਦਾ ਅੱਜ ਦੇਹਾਂਤ ਹੋ ਗਿਆ। ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਅੱਜ ਸਵੇਰੇ 10 ਵਜੇ ਉਨ੍ਹਾਂ ਆਖਰੀ ਸਾਹ ਲਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਡਾ. ਸੰਧੂ ਦੇ ਦੇਹਾਂਤ ’ਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਬਹੁਪੱਖੀ ਪ੍ਰਤਿਭਾ ਦੇ ਸਵਾਮੀ ਸਨ। ਅਦਾਰਾ ਸੰਵੇਦਨਾ ਚੰਡੀਗੜ੍ਹ ਦੇ ਸਰਪ੍ਰਸਤ ਡਾ. ਰਬਿੰਦਰ ਨਾਥ ਸ਼ਰਮਾ, ਪ੍ਰਧਾਨ ਖੁਸ਼ਹਾਲ ਸਿੰਘ ਨਾਗਾ ਤੇ ਕਨਵੀਨਰ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਡਾ. ਸੰਧੂ ਨੂੰ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ’ਤੇ ਰਾਜਾ ਪੋਰਸ ਮੇਲਾ ਕਰਵਾਉਣ ਕਰਕੇ ਹਿੰਦ-ਪਾਕਿ ਦੋਸਤੀ ਦੇ ਸਿਰਜਕ ਵਜੋਂ ਯਾਦ ਕੀਤਾ ਜਾਵੇਗਾ। ਇਸ ਮੌਕੇ ਚੰਡੀਗੜ੍ਹ ਦੇ ਕਲਮਕਾਰ ਡਾ. ਸਰਬਜੀਤ ਕੌਰ ਸੋਹਲ, ਬਲਵਿੰਦਰ ਸਿੰਘ ਉੱਤਮ, ਸ਼ਾਮ ਸਿੰਘ ਅੰਗ ਸੰਗ, ਗੁਲ ਚੌਹਾਨ, ਡਾ. ਮਨਮੋਹਨ, ਗੋਵਰਧਨ ਗੱਬੀ, ਸਰਬਜੀਤ ਬੇਦੀ, ਤਾਰਨ ਗੁਜਰਾਲ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੱਤਰ ਪ੍ਰੇਰਕ