ਰਾਮ ਸ਼ਰਨ ਸੂਦ/ਡਾ. ਹਿਮਾਂਸ਼ੂ ਸੂਦ
ਅਮਲੋਹ/ਮੰਡੀ ਗੋਬਿੰਦਗੜ੍ਹ, 10 ਅਕਤੂਬਰ
ਅਮਲੋਹ ਸਬ ਡਿਵੀਜ਼ਨ ਦੇ ਪਿੰਡ ਬਡਗੁੱਜਰਾ ਦੇ ਸਰਪੰਚ ਬਲਕਾਰ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਅੱਜ ਬਲਾਕ ਅਮਲੋਹ ਦੇ ਦਰਜਨਾਂ ਪਿੰਡਾਂ ਦੇ ਪੰਚਾਂ, ਸਰਪੰਚਾਂ, ਮਗਨਰੇਗਾ ਕਾਮਿਆਂ ਅਤੇ ਕਾਂਗਰਸ ਵਰਕਰਾਂ ਨੇ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਕ ਵਿੱਚ ਧਰਨਾ ਲਗਾਇਆ।
ਪੰਜ ਘੰਟੇ ਦੇ ਕਰੀਬ ਚੱਲੇ ਇਸ ਧਰਨੇ ਵਿੱਚ ਤਹਿਸੀਲਕਾਰ ਅਮਲੋਹ ਅੰਕਿਤਾ ਅਗਰਵਾਲ, ਉੱਪ ਕਪਤਾਨ ਪੁਲੀਸ ਗੁਰਬੰਸ ਸਿੰਘ ਬੈਂਸ ਅਤੇ ਜੰਗਜੀਤ ਸਿੰਘ ਰੰਧਾਵਾ ਵੱਲੋਂ 15 ਦਿਨਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ, ਪੰਚਾਇਤ ਅਫ਼ਸਰ ਦਾ ਮੁਅੱਤਲੀ ਦਾ ਮਾਮਲਾ ਉੱਚ ਅਧਿਕਾਰੀਆਂ ਨੂੰ ਭੇਜਣ ਅਤੇ ਬਾਕੀ ਮੰਗਾਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪੰਚਾਇਤ ਯੂਨੀਅਨ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨ ਵਿੱਚ ਇਨਸਾਫ਼ ਨਾ ਮਿਲਿਆ ਤਾਂ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਸਰਪੰਚ ਯੂਨੀਅਨ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਰੋਮੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ, ਪਰਿਵਾਰ ਨੂੰ 20 ਲੱਖ ਦਾ ਬਣਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਅਮਲੋਹ ਬਲਾਕ ਦੇ ਪਿੰਡ ਰਾਮਗੜ੍ਹ, ਦੀਵਾ ਗੰਢੂਆਂ ਅਤੇ ਲੱਲੋਂ ਖੁਰਦ ਦੇ ਸਰਪੰਚਾਂ ਨੂੰ ਪੰਚਾਇਤੀ ਵਿਭਾਗ ਵੱਲੋਂ ਬਗ਼ੈਰ ਸੁਣਵਾਈ ਕੀਤੇ ਮੁਅੱਤਲ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ।
ਧਰਨੇ ਨੂੰ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਵਿੰਦਰ ਰਿੰਕੂ, ਮਾਲਵਾ ਜ਼ੋਨ ਦੇ ਪ੍ਰਧਾਨ ਜੱਸੀ ਲੋਗੋਂਵਾਲੀਆ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸੂਬਾਈ ਆਗੂ ਡਾ. ਜੋਗਿੰਦਰ ਸਿੰਘ ਮੈਣੀ, ਗੁਰਪ੍ਰੀਤ ਸਿੰਘ ਗਰੇਵਾਲ ਸਰਪੰਚ ਕਲਾਲ ਮਾਜਰਾ, ਸੀ.ਪੀ.ਆਈ. ਦੀ ਆਗੂ ਸਿਮਰਤ ਕੌਰ ਝਾਮਪੁਰ, ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਪਲਵਿੰਦਰ ਸਿੰਘ ਤਲਵਾੜਾ, ਬਸਪਾ ਦੇ ਲੋਕ ਸਭਾ ਹਲਕਾ ਇੰਚਾਰਜ ਕੁਲਵੰਤ ਸਿੰਘ ਮਹਿਤੋ, ਮੰਡੀ ਗੋਬਿੰਦਗੜ੍ਹ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਦੱਤਾ, ਸਮਿਤੀ ਮੈਬਰ ਗੁਰਿੰਦਰਪਾਲ ਸਿੰਘ ਹੈਪੀ ਕੁੰਭ ਤੇ ਮਨਦੀਪ ਸਿੰਘ ਮੰਨਾ ਆਦਿ ਨੇ ਸੰਬੋਧਨ ਕੀਤਾ।