ਨਿੱਜੀ ਪੱਤਰ ਪ੍ਰੇਰਕ
ਬਟਾਲਾ, 18 ਜਨਵਰੀ
‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਕੇ. ਸ਼ਰਨਜੀਤ ਸਿੰਘ (74) ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਸਾਹਿਤਕ ਖੇਤਰ ਵਿੱਚ ਫ਼ਿਦਾ ਬਟਾਲਵੀ ਦੇ ਨਾਂ ਨਾਲ ਮਸ਼ਹੂਰ ਸ਼ਰਨਜੀਤ ‘ਪੰਜਾਬੀ ਟ੍ਰਿਬਿਊਨ’ ਨਾਲ 1978 ਤੋਂ ਜੁੜੇ ਹੋਏ ਸਨ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਪੱਤਰਕਾਰ ਭਾਈਚਾਰੇ ਤੋਂ ਪਦਮਸ਼੍ਰੀ ਪੂਰਨ ਚੰਦ ਵਡਾਲੀ ਸਮੇਤ ਧਾਰਮਿਕ ਤੇ ਸਾਹਿਤਕ ਸ਼ਖਸੀਅਤਾਂ ਹਾਜ਼ਰ ਹੋਈਆਂ। ਸ਼ਰਨਜੀਤ ਸਿੰਘ ਦੇ ਬੇਟੇ ਪਰਮਜੀਤ ਸਿੰਘ ਨੇ ਦੱਸਿਆ ਕਿ ਲੰਘੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਕਾਫੀ ਖ਼ਰਾਬ ਸੀ। ਉਹ ਚੱਲਣ-ਫਿਰਨ ਤੋਂ ਵੀ ਅਸਮਰਥ ਸਨ। ਪੂਰਨ ਚੰਦ ਵਡਾਲੀ ਨੇ ਕਿਹਾ ਕਿ ਫ਼ਿਦਾ ਬਟਾਲਵੀ ਆਪਣੀਆਂ ਲਿਖਿਆਂ ਗ਼ਜ਼ਲਾਂ ਕਰਕੇ ਅਮਰ ਰਹਿਣਗੇ। ਉਨ੍ਹਾਂ ਦੀ ਮੌਤ ’ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਮੰਤਰੀ ਕੈਪਟਨ ਬਲਵਿੰਦਰ ਸਿੰਘ ਬਾਠ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਕੇ. ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ ਦੀਆਂ ਗ਼ਜ਼ਲਾਂ ਵਡਾਲੀ ਭਰਾਵਾਂ ਤੋਂ ਇਲਾਵਾ ਲਖਵਿੰਦਰ ਵਡਾਲੀ ਵੱਲੋਂ ਗਾਈਆਂ ਗਈਆਂ ਹਨ। ਉਨ੍ਹਾਂ ਨੇ ਕਈ ਕਿਤਾਬਾਂ ਤੇ ਹਿੰਦੀ ਫਿਲਮਾਂ ਲਈ ਗੀਤ ਲਿਖਣ ਤੋਂ ਇਲਾਵਾ ਦੂਰਦਰਸ਼ਨ ਜਲੰਧਰ ਲਈ ਟੀਵੀ ਸੀਰੀਅਲ ‘ਜ਼ਮੀਰ ਦੀ ਆਵਾਜ਼’ ਤੇ ‘ਕਾਲੀ ਰੌਸ਼ਨੀ’ ਵੀ ਲਿਖੇ।