ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਸੂਫ਼ੀ ਅਮਰਜੀਤ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਸੂਫ਼ੀ ਅਮਰਜੀਤ ਦੇ ਸਦੀਵੀ ਵਿਛੋੜੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਬਹੁਤ ਸੁਹਿਰਦ ਇਨਸਾਨ ਤੇ ਵਚਨਬੱਧ ਲੇਖਕ-ਚਿੰਤਕ ਸਨ। ਫ਼ਲਸਫ਼ਾਨਾ ਬਿਰਤੀ ਕਰਕੇ ਹੀ ਉਨ੍ਹਾਂ ਨੇ ਆਪਣਾ ਤਖ਼ੱਲੁਸ ਆਪਣੇ ਸਾਹਿਤਕ ਗੁਰੂ ਸੂਫ਼ੀ ਸਾਧੂ ਸਿੰਘ ਕਰਕੇ ਸੂਫ਼ੀ ਰੱਖ ਲਿਆ ਸੀ। ਉਹ ਬਹੁ-ਭਾਸ਼ੀ ਗਿਆਨ ਦੇ ਮਾਲਕ ਸਨ। ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਉਨ੍ਹਾਂ ਦੀ ਇੱਕੋ ਜਿਹੀ ਮੁਹਾਰਤ ਸੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂਆਂ ਨੇ ਕਿਹਾ ਕਿ ਸੂਫ਼ੀ ਅਮਰਜੀਤ ਦੇ ਜਾਣ ਨਾਲ ਪੰਜਾਬੀ ਭਾਸ਼ਾ, ਸਾਹਿਤ ਤੇ ਚਿੰਤਨ ਪਰੰਪਰਾ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੂਫ਼ੀ ਅਮਰਜੀਤ ਜ਼ਮੀਨੀ ਹਕੀਕਤਾਂ ਨਾਲ ਬਾਵਾਸਤਾ ਰੱਖਣ ਵਾਲੇ ਸਨ।