ਪੱਤਰ ਪ੍ਰੇਰਕ
ਕਾਲਾਂਵਾਲੀ, 18 ਜੂਨ
ਕਾਲਾਂਵਾਲੀ ਵਿੱਚ ਬੀਤੀ ਰਾਤ ਵਾਰਡ ਨੰਬਰ ਪੰਜ ਵਿੱਚ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਵਾਰਡ ਵਾਸੀਆਂ ਅਨੁਸਾਰ ਉਕਤ ਨੌਜਵਾਨ ਮੈਡੀਕਲ ਨਸ਼ੇ ਦਾ ਆਦੀ ਸੀ। ਉਸ ਨੇ ਸੋਮਵਾਰ ਰਾਤ ਨੂੰ ਘਰ ਵਿਚ ਹੀ ਟੀਕਾ ਲਗਾ ਲਿਆ ਸੀ। ਘਬਰਾਹਟ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਸਿਰਸਾ ਭੇਜ ਦਿੱਤਾ, ਜਿੱਥੇ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਭਰਾ ਨਾਲ ਦੁਕਾਨ ’ਤੇ ਕੰਮ ਕਰਦਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਕਿਸੇ ਪੁਲੀਸ ਕਾਰਵਾਈ ਦੇ ਅੱਜ ਰਾਮਬਾਗ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਕਈ ਥਾਵਾਂ ’ਤੇ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।