ਜਗਮੋਹਨ ਸਿੰਘ
ਰੂਪਨਗਰ, 18 ਸਤੰਬਰ
ਖਣਨ ਵਿਭਾਗ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸਟੋਨ ਕਰੱਸ਼ਰਾਂ ਤੇ ਸਕਰੀਨਿੰਗ ਪਲਾਂਟਾਂ ਦੇ ਮਾਲਕਾਂ ਨੂੰ ਆਪਣੇ ਸਟੋਨ ਕਰੱਸ਼ਰਾਂ ਦੀ ਫੈਂਸਿੰਗ ਕਰਵਾਉਣ ਅਤੇ ਆਪੋ- ਆਪਣੇ ਯੂਨਿਟਾਂ ਦੇ ਆਲੇ ਦੁਆਲੇ ਨਾਜਾਇਜ਼ ਖਣਨ ਦੀ ਰਾਖੀ ਕਰਨ ਸਬੰਧੀ ਕੱਢੀ ਚਿੱਠੀ ਨਾਲ ਸਟੋਨ ਕਰੱਸ਼ਰ ਤੇ ਸਕਰੀਨਿੰਗ ਪਲਾਂਟ ਮਾਲਕ ਭੜਕ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਸਹੀ ਖਣਨ ਨੀਤੀ ਨਾ ਬਣਨ ਕਾਰਨ ਕੱਚੇ ਮਾਲ ਦੀ ਘਾਟ ਅਤੇ ਵੱਖ ਵੱਖ ਵਿਭਾਗਾਂ ਦੀ ਕਥਿਤ ਲੁੱਟ ਦਾ ਸ਼ਿਕਾਰ ਹੋ ਰਹੇ ਕਰੱਸ਼ਰ ਮਾਲਕ ਮੀਟਿੰਗ ਕਰਨ ਲਈ ਭਰਤਗੜ੍ਹ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਚੁੱਕੇ ਹਨ। ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਜ਼ਿਲ੍ਹੇ ਅੰਦਰ ਹੋ ਰਹੀ ਇਸ ਮੀਟਿੰਗ ਦੌਰਾਨ ਕਰੱਸ਼ਰ ਮਾਲਕਾਂ ਵੱਲੋਂ ਕੋਈ ਵੱਡਾ ਫੈਸਲਾ ਲਏ ਜਾਣ ਦੀ ਆਸ ਹੈ। ਦੱਸਣਯੋਗ ਹੈ ਕਿ ਖਣਨ ਵਿਭਾਗ ਨੇ ਸਟੋਨ ਕਰੱਸ਼ਰ ਮਾਲਕਾਂ ਨੂੰ ਕੱਢੀ ਚਿੱਠੀ ਰਾਹੀਂ ਹਦਾਇਤ ਕੀਤੀ ਹੈ ਕਿ ਉਹ ਦਸ ਦਿਨਾਂ ਦੇ ਅੰਦਰ ਆਪੋ ਆਪਣੇ ਸਟੋਨ ਕਰੱਸ਼ਰਾਂ ਤੇ ਸਕਰੀਨਿੰਗ ਪਲਾਂਟਾਂ ਦੀ ਫੈਂਸਿੰਗ ਕਰਵਾਉਣ ਤੇ ਇਸ ਤੋਂ ਇਲਾਵਾ ਆਪਣੇ ਕਰੱਸ਼ਰਾਂ ਦੇ ਆਸ-ਪਾਸ ਦੇ ਏਰੀਏ ਵਿੱਚ ਹੋਣ ਵਾਲੀ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਦੋਸ਼ੀਆਂ ਸਬੰਧੀ ਤੁਰੰਤ ਸਬੰਧਤ ਉਪ ਮੰਡਲ ਦਫਤਰ, ਜਲ ਨਿਕਾਸ- ਕਮ-ਮਾਈਨਿੰਗ ਉਪ ਮੰਡਲ ਨੂੰ ਇਤਲਾਹ ਕਰਨੀ ਯਕੀਨੀ ਬਣਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਾਜਾਇਜ਼ ਮਾਈਨਿੰਗ ਵਾਲੀ ਜਗ੍ਹਾ ਦੇ ਨਾਲ ਲੱਗਦੇ ਸਟੋਨ ਕਰੱਸ਼ਰ/ ਸਕਰੀਨਿੰਗ ਪਲਾਂਟ ਵਿਰੁੱਧ ਕਾਰਵਾਈ ਕੀਤੀ ਜਾਵੇਗੀ।