ਜਗਮੋਹਨ ਸਿੰਘ
ਰੂਪਨਗਰ, 25 ਜਨਵਰੀ
ਇੱਥੋਂ ਨੇੜਲੇ ਪਿੰਡ ਖੈਰਾਬਾਦ ਦੇ ਕਿਸਾਨ ਸਵਰਨ ਸਿੰਘ (61) ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪੁੱਤਰ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਭੈਣ ਅਤੇ ਦੋ ਭਰਾ ਹਨ। ਉਨ੍ਹਾਂ ਕੋਲ ਲਗਪਗ ਢਾਈ ਏਕੜ ਜ਼ਮੀਨ ਹੈ। ਉਹ ਦੋਵੇਂ ਭਰਾ ਆਈਆਈਟੀ ਰੂਪਨਗਰ ਦੇ ਇਕ ਠੇਕੇਦਾਰ ਕੋਲ ਕੰਮ ਕਰਦੇ ਸਨ ਪਰ ਕਰੋਨਾ ਲੌਕਡਾਊਨ ਦੌਰਾਨ ਦੋਵੇਂ ਭਰਾਵਾਂ ਦਾ ਕੰਮ ਛੁੱਟ ਗਿਆ ਸੀ। ਉਹ ਤਾਂ ਹੁਣ ਕਿਸੇ ਦੀ ਗੱਡੀ ਚਲਾਉਣ ਲੱਗ ਪਿਆ ਹੈ ਪਰ ਉਸ ਦੇ ਭਰਾ ਨੂੰ ਕੰਮ ਨਾ ਮਿਲਣ ਕਾਰਨ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਐਕਸਿਸ ਬੈਂਕ ਵਾਲੇ ਉਸ ਦੇ ਪਿਤਾ ’ਤੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਦਬਾਅ ਪਾ ਰਹੇ ਸਨ। ਮੀਂਹ ਕਾਰਨ ਕਣਕ ਦੀ ਫਸਲ ਪਾਣੀ ਵਿਚ ਡੁੱਬਣ ਦਾ ਸਦਮਾ ਉਨ੍ਹਾਂ ਦਾ ਪਿਤਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਅੱਜ ਸਲਫਾਸ ਖਾ ਲਈ।