ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਨਵੰਬਰ
ਪਿਛਲੇ ਕਰੀਬ 15 ਸਾਲਾਂ ਤੋਂ ਕਿਸਾਨੀ ਮੋਰਚਿਆਂ ਵਿੱਚ ਲਾਂਗਰੀ ਦੀ ਸੇਵਾ ਨਿਭਾਅ ਰਹੇ ਭੱਪਾ ਸਿੰਘ ਵਾਸੀ ਪਿੰਡ ਮੈਦੇਵਾਸ ਦਾ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ (30) ਸਾਲ ਆਪਣੇ ਸਿਰ ਚੜ੍ਹੇ ਕਰਜ਼ੇ ਅੱਗੇ ਬੇਵੱਸ ਹੁੰਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ। ਜਦੋਂ ਇਸ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ, ਊਦੋਂ ਇਸ ਦਾ ਪਿਤਾ ਭੱਪਾ ਸਿੰਘ, ਸੁਨਾਮ ਵਿੱਚ ਚੱਲ ਰਹੇ ਕਿਸਾਨੀ ਮੋਰਚਿਆਂ ਵਿੱਚ ਧਰਨਾਕਾਰੀਆਂ ਨੂੰ ਚਾਹ ਵਰਤਾ ਰਿਹਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੇ ਪ੍ਰੈੱਸ ਸਕੱਤਰ ਸੁਖਪਾਲ ਮਾਣਕ ਕਣਕਵਾਲੀਆ ਨੇ ਦੱਸਿਆ ਕਿ ਕਿਸਾਨ ਭੱਪਾ ਸਿੰਘ ਕੋਲ ਅੱਧਾ ਏਕੜ ਜ਼ਮੀਨ ਹੈ ਅਤੇ ਪਰਿਵਾਰ ਸਿਰ ਕਰੀਬ ਸਾਢੇ ਚਾਰ ਲੱਖ ਦਾ ਕਰਜ਼ਾ ਹੈ। ਇਸੇ ਕਰਜ਼ੇ ਕਾਰਨ ਜਸਪ੍ਰੀਤ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਆਗੂ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੇਤ ਵਿੱਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣ ’ਤੇ ਉਸ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਪ੍ਰੀਤ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।