ਰਵੇਲ ਸਿੰਘ ਭਿੰਡਰ
ਪਟਿਆਲਾ, 25 ਫਰਵਰੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਿੰਡੀਕੇਟ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਕਾਰਜਕਾਰੀ ਵਾਈਸ ਚਾਂਸਲਰ ਰਵਨੀਤ ਕੌਰ, ਆਈਏਐੱਸ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਟਿੱਲ ਫਰਦਰ ਆਰਡਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਐਕਸਟੈਨਸ਼ਨ ਸਮਾਂਬੱਧ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਵੱਖ ਵੱਖ ਹੋਰ ਵਰਗਾਂ ਦੇ ਕਰਮਚਾਰੀਆਂ ਦੀ ਐਕਸਟੈਨਸ਼ਨ ’ਤੇ ਪ੍ਰਵਾਨਗੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕਰੀਬ ਡੇਢ ਸਾਲ ਬਾਅਦ ਆਫ਼ਲਾਈਨ ਵਿਧੀ ਰਾਹੀਂ ਇਹ ਸਿੰਡੀਕੇਟ ਮੀਟਿੰਗ ਹੋਈ ਹੈ। ਇਹ ਵੀ ਅਹਿਮ ਹੈ ਕਿ ਯੂਨੀਵਰਸਿਟੀ ਦੇ ਇਤਿਹਾਸ ’ਚ ਯੂਨੀਵਰਸਿਟੀ ਤੋਂ ਬਾਹਰ ਇਹ ਦੂਸਰੀ ਸਿੰਡੀਕੇਟ ਬੈਠਕ ਹੋਈ ਹੈ। ਇਸ ਮੀਟਿੰਗ ਵਿੱਚ ਸਿਰਫ਼ ਦੋ ਸਿੰਡੀਕੇਟ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਵੱਖ ਵੱਖ ਮੱਦਾਂ ’ਤੇ ਸਕਾਰਾਤਮਕ ਮਾਹੌਲ ਵਿੱਚ ਚਰਚਾ ਹੋਈ ਅਤੇ ਪ੍ਰਸਤਾਵਿਤ ਮਸਲਿਆਂ ਸਬੰਧੀ ਲੋੜੀਂਦੇ ਫ਼ੈਸਲੇ ਲਏ ਗਏ। ਭਾਵੇਂ ਯੂਨੀਵਸਿਟੀ ਪ੍ਰਸ਼ਾਸਨ ਨੇ ਫ਼ੈਸਲਿਆਂ ਸਬੰਧੀ ਅਧਿਕਾਰਤ ਤੌਰ ’ਤੇ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਹੈ ਪਰ ਸੂਤਰਾਂ ਅਨੁਸਾਰ ਸਿੰਡੀਕੇਟ ਮੀਟਿੰਗ ’ਚ ਟਿੱਲ ਫਰਦਰ ਆਰਡਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਐਕਸਟੈਨਸ਼ਨ ਸਮਾਂਬੱਧ ਕਰਨ ਦੀ ਤਜਵੀਜ਼ ਰੱਖੀ ਗਈ ਤੇ ਡਿਸਟੈਂਸ ਐਜੂਕੇਸ਼ਨ ਵਿਭਾਗ ਬਾਰੇ ਚਰਚਾ ਹੋਈ। ਵਿਭਾਗ ਨੇ 2016-17 ਨਾਲ ਜੁੜੀ ਆਨਲਾਈਨ ਐਡਮਿਸ਼ਨ ਸਬੰਧੀ ਸ਼ਿਕਾਇਤ ਬਾਰੇ ਆਪਣਾ ਪੱਖ ਰੱਖਦਿਆਂ ਤੱਥ ਪੇਸ਼ ਕੀਤੇ। ਤੱਥਾਂ ਅਨੁਸਾਰ ਵਿਭਾਗ ਨੂੰ ਵਿੱਤੀ ਨੁਕਸਾਨ ਨਹੀਂ, ਬਲਕਿ ਕਰੀਬ 27 ਲੱਖ ਰੁਪਏ ਦਾ ਲਾਭ ਹੋਇਆ ਹੈ। ਇਸ ਪੱਖ ਨੂੰ ਵਿਚਾਰਦਿਆਂ ਸਿੰਡੀਕੇਟ ਨੇ ਸ਼ਿਕਾਇਤ ’ਤੇ ਦੁਬਾਰਾ ਵਿਚਾਰ ਕਰਨ ਦੇ ਆਦੇਸ਼ ਦਿੱਤੇ ਹਨ।