ਪੱਤਰ ਪ੍ਰੇਰਕ
ਅੰਮ੍ਰਿਤਸਰ, 20 ਅਕਤੂਬਰ
ਭਗਵਾਨ ਵਾਲੀਕਿ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਕੇਂਦਰੀ ਵਾਲਮੀਕਿ ਮੰਦਰ ਦੇ ਪ੍ਰਧਾਨ ਯੋਗਰਾਜ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼ਰਧਾ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਮੁੱਖ ਮਹਿਮਾਨ ਸਨ। ਉਨ੍ਹਾਂ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਤੇ ਕੇਂਦਰੀ ਵਾਲੀਮੀਕਿ ਧਰਮਸ਼ਾਲਾ ਕਮੇਟੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਪਿੰਡ ਧੀਣਾ, ਸੰਸਾਰਪੁਰ, ਲਾਲ ਕੁੜਤੀ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਆਯੋਜਿਤ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਸਿੱਖਿਆ, ਖੇਡਾਂ ਤੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ਹੈ।
ਦਸੂਹਾ (ਭਗਵਾਨ ਦਾਸ ਸੰਦਲ) ਇਥੇ ਵਾਲਮੀਕਿ ਧਰਮ ਸਭਾ ਦਸੂਹਾ ਵੱਲੋਂ ਭਗਵਾਨ ਵਾਲਮਿਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸ ’ਚ ਇਲਾਕੇ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਵਾਲਮੀਕਿ ਸਮਾਜ ਤੇ ਲੋਕ ਤੇ ਸ਼ਹਿਰਵਾਸੀ ਸ਼ਾਮਲ ਹੋਏ। ਜਿਨਾਂ ਵਿੱਚ ਹਲਕਾ ਵਿਧਾਇਕ ਅਰੁਣ ਮਿੱਕੀ ਡੋਗਰਾ, ਸ਼ੁਸ਼ੀਲ ਪਿੰਕੀ, ਕਰਮਬੀਰ ਸਿੰਘ ਘੁੰਮਣ, ਜੋਗਿੰਦਰਪਾਲ ਨਿੱਕੂ, ਸੁੱਚਾ ਸਿੰਘ ਲੂਫਾ, ਚੰਦਰ ਸੇਖਰ ਬੰਟੀ, ਕੇ.ਡੀ ਖੋਸਲਾ, ਰਾਜ ਖੋਸਲਾ, ਨਰਿੰਦਰ ਟੱਪੂ, ਪਰਮਿੰਦਰ ਬਿੱਟੂ, ਸੁਰਜੀਤ ਸਿੰਘ ਕੈਂਰੇ, ਜਸਵਿੰਦਰ ਸਿੰਘ ਕਾਲੜਾ, ਲੈਕ ਬਲਜੀਤ ਸਿੰਘ ਆਦਿ ਸ਼ਾਮਲ ਸਨ। ਸ਼ੋਭਾ ਯਾਤਰਾ ਰਿਸ਼ੀ ਨਗਰ ਦੇ ਮਹਾਂਰਿਸ਼ੀ ਵਾਲਮਿਕਿ ਮੰਦਿਰ ਤੋਂ ਆਰੰਭ ਹੋਈ, ਜੋ ਵੱਖ ਵੱਖ ਬਜ਼ਾਰਾਂ ਚੋਂ ਹੁੰਦੀ ਹੋਈ ਸ਼ੁਰਆਤੀ ਸਥਾਨ ‘ਤੇ ਸੰਪਨ ਹੋਈ।
ਸ਼ਾਹਕੋਟ (ਪੱਤਰ ਪ੍ਰੇਰਕ) ਇਲਾਕੇ ਦੇ ਕਈ ਕਸਬਿਆਂ ਤੇ ਪਿੰਡਾਂ ’ਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਭਗਵਾਨ ਵਾਲਮੀਕਿ ਮੰਦਰਾਂ ਵਿੱਚ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਉਣ ਮਗਰੋਂ ਧਾਰਮਿਕ ਦੀਵਾਨ ਸਜਾਏ ਗਏ। ਕੀਰਤਨੀ ਜਥਿਆਂ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਲਾਕਾ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦੇ ਉਨ੍ਹਾਂ ਨੂੰ ਵੱਡੇ ਵਿਦਵਾਨ ਤੇ ਕਵੀ ਦੱਸਿਆ। ਕਸਬੇ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੋਭਾ ਯਾਤਰਾ ਕੱਢੀ ਗਈ।
ਕਾਂਗਰਸ ਦਫ਼ਤਰ ’ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ
ਪਠਾਨਕੋਟ (ਪੱਤਰ ਪ੍ਰੇਰਕ) ਅੱਜ ਸੁਜਾਨਪੁਰ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਆਪਣੇ ਕਾਂਗਰਸ ਦਫ਼ਤਰ ਮਨਵਾਲ ਵਿੱਚ ਭਗਵਾਨ ਵਾਲਮੀਕ ਦਾ ਪ੍ਰਗਟ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸੁਗਰੀਵ ਸਿੰਘ, ਰਿੱਕੀ ਰਾਣਾ, ਦੀਪਾਂਸ਼ੂ ਢਡਵਾਲ, ਸੁਨੀਲ ਕੁਮਾਰ, ਰਾਕੇਸ਼ ਪਠਾਨੀਆ, ਅਨੁਪਮ ਕੁਮਾਰ, ਅਰਜੁਨ ਸਿੰਘ, ਇੰਦਰ ਗੁਰੰਗ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਦਿਆਲ ਸਿੰਘ, ਲੱਕੀ ਪਠਾਨੀਆ, ਮਨੂ ਕੁਪੂਰ ਆਦਿ ਹਾਜ਼ਰ ਸਨ। ਇਸ ਮੌਕੇ ਅਮਿਤ ਸਿੰਘ ਮੰਟੂ ਅਤੇ ਹੋਰ ਆਗੂਆਂ ਨੇ ਭਗਵਾਨ ਵਾਲਮੀਕ ਦੇ ਚਿੱਤਰ ਉਪਰ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਵਾਨ ਵਾਲਮੀਕ ਨੇ ਸਾਨੂੰ ਰਮਾਇਣ ਦੀ ਰਚਨਾ ਕਰਕੇ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਦੇ ਜੀਵਨ ਤੋਂ ਜਾਣੂ ਕਰਵਾਇਆ। ਜਿਸ ਤੋਂ ਪ੍ਰੇਰਨਾ ਲੈ ਕੇ ਪੂਰਾ ਵਿਸ਼ਵ ਅੱਗੇ ਵਧ ਰਿਹਾ ਹੈ।