ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 10 ਅਗਸਤ
ਮਬਹੂਮ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਧੂਗੜ੍ਹ-ਹੰਸਾਲੀ ਰੋਡ ’ਤੇ ਬਣਿਆ ਰੇਲਵੇ ਅੰਡਰਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ।
ਇਹ ਅੰਡਰਬ੍ਰਿਜ ਹਾਲ ਦੀ ਘੜੀ ਸਿਰਫ਼ ਹਲਕੇ ਵਾਹਨਾਂ ਲਈ ਖੋਲ੍ਹਿਆ ਗਿਆ ਹੈ। ਸ੍ਰੀ ਨਾਗਰਾ ਨੇ ਦੱਸਿਆ ਕਿ ਇਸ ਅੰਡਰਬ੍ਰਿਜ ਦੇ ਬਣਨ ਨਾਲ 50 ਤੋਂ ਵੱਧ ਪਿੰਡਾਂ ਨੂੰ ਲਾਭ ਮਿਲੇਗਾ। ਸ੍ਰੀ ਨਾਗਰਾ ਨੇ ਦੱਸਿਆ ਕਿ ਇਸ ਅੰਡਰਬ੍ਰਿਜ ਸਦਕਾ ਹੰਸਾਲੀ ਸਾਹਿਬ ਆਉਣ ਵਾਲੀ ਸੰਗਤ ਨੂੰ ਆਵਾਜਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਸਰਹਿੰਦ-ਪਟਿਆਲਾ ਰੋਡ ਤੋਂ ਚੰਡੀਗੜ-ਮੁਹਾਲੀ ਜਾਣ ਵਾਲੇ ਲੋਕਾਂ ਤੇ ਚੁੰਨੀ ਵਾਲੇ ਪਾਸਿਓਂ ਬਡਾਲੀ ਆਲਾ ਸਿੰਘ, ਹੰਸਾਲੀ ਸਾਹਿਬ ਤੇ ਸਾਧੂਗੜ੍ਹ ਹੁੰਦਿਆਂ ਲੁਧਿਆਣਾ ਜਾਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਇਹ ਸੜਕ ਬਾਈਪਾਸ ਦਾ ਕੰਮ ਕਰਦੀ ਹੈ ਤੇ ਹੁਣ ਇਸ ਉਤੇ ਅੰਡਰਬ੍ਰਿਜ ਬਣਨ ਨਾਲ ਦਿੱਕਤਾਂ ਖਤਮ ਹੋਣਗੀਆਂ।
ਪਿੰਡਾਂ ਲਈ ਵਰਦਾਨ ਬਣੇ ਸੀਚੇਵਾਲ ਤੇ ਥਾਪਰ ਮਾਡਲ: ਨਾਗਰਾ
ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਤੇ ਜਲ ਸ੍ਰੋਤਾਂ ਦੀ ਸੰਭਾਲ ਲਈ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਬਲਾਕ ਸਰਹਿੰਦ ਤੇ ਬਾਲਕ ਖੇੜਾ ਦੇ ਵੱਖ-ਵੱਖ ਪਿੰਡਾਂ ਵਿਚ ਸੀਚੇਵਾਲ ਤੇ ਥਾਪਰ ਮਾਡਲ ਤਹਿਤ ਪ੍ਰਾਜੈਕਟ ਲਾ ਕੇ ਜਿੱਥੇ ਪਿੰਡਾਂ ਦਾ ਗੰਦਾ ਪਾਣੀ ਸਾਫ਼ ਕਰਨ ਉਪਰੰਤ ਟੋਭਿਆਂ ਵਿਚ ਪਾਇਆ ਜਾ ਰਿਹਾ ਹੈ, ਉਥੇ ਇਸ ਪਾਣੀ ਦੀ ਵਰਤੋਂ ਖੇਤਾਂ ਦੀ ਸਿੰਜਾਈ ਲਈ ਵੀ ਕੀਤੀ ਜਾ ਰਹੀ ਹੈ। ਬਲਾਕ ਸਰਹਿੰਦ ਦੇ ਪਿੰਡ ਜੱਲ੍ਹਾ, ਨਬੀਪੁਰ, ਬਧੌਛੀ ਕਲਾਂ, ਪੋਲਾ, ਮੁੱਲਾਂਪੁਰ ਕਲਾਂ, ਚਨਾਰਥਲ ਕਲਾਂ, ਚਨਾਰਥਲ ਖੁਰਦ ਅਤੇ ਸੰਗਤਪੁਰ ਸੋਢੀਆਂ ਅਤੇ ਬਲਾਕ ਖੇੜਾ ਦੇ ਪਿੰਡ ਬਲਾੜੀ ਕਲਾਂ, ਝਾਂਮਪੁਰ, ਭਗੜਾਣਾ, ਈਸਰਹੇਲ, ਖੇੜਾ, ਬਲਾੜੀ ਖੁਰਦ, ਦਫੇੜਾ, ਰਸੂਲਪੁਰ, ਦੌਲਤਪੁਰ ਅਤੇ ਢੋਲਾਂ ਵਿਖੇ ਸੀਚੇਵਾਲ ਮਾਡਲ ਅਤੇ ਥਾਪਰ ਮਾਡਲ ਤਹਿਤ ਗੰਦਾ ਪਾਣੀ ਸਾਫ਼ ਕਰਕੇ ਟੋਭਿਆਂ ਵਿਚ ਪਾਉਣ ਦੇ ਪ੍ਰਾਜੈਕਟ ਚੱਲ ਰਹੇ ਹਨ।