ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੂਨ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਅੱਜ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਆਨੰਦਪੁਰ ਸਾਹਿਬ ਦੇ ਡਾਇਰੈਕਟਰ ਭਾਈ ਹਰਸਿਮਰਨ ਸਿੰਘ ਵੱਲੋਂ ਲਿਖੀ ਗਈ ਪੁਸਤਕ ‘ਅਲਟਰਨੇਟਿਵ ਸਟੇਟ ਐਂਡ ਗਲੋਬਲ ਆਰਡਰ (ਸੋਸ਼ਲ ਐਪਲੀਕੇਸ਼ਨ ਆਫ ਨੇਚਰ)’ ਲੋਕ ਅਰਪਣ ਕੀਤੀ। ਇੱਥੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ’ਚ ਹੋਏ ਸੰਖੇਪ ਸਮਾਗਮ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੇਖਕ ਨੂੰ ਨਵੀਂ ਪੁਸਤਕ ਦੀ ਆਮਦ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ ਹੈ। ਲੇਖਕ ਭਾਈ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੁਸਤਕ ਵਿੱਚ ਇਕ ਬਦਲਵਾਂ ਸਿਰਜਣਤਾਮਕ, ਸਰਬ-ਸਮਲਿਤ, ਆਪਸੀ ਇਕਸੁਰਤਾ ਵਾਲਾ ਅਤੇ ਖੁਸ਼ਹਾਲ ਵਿਸਮਾਦੀ ਸਮਾਜ ਸਿਰਜਣ ਬਾਰੇ ਜਾਣਕਾਰੀ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਸਤਕ ਵਿੱਚ ਆਤਮ ਨਿਰਭਰ ਪੰਜਾਬ ਲਈ ਇਕ ਵਿਕਾਸ ਮਾਡਲ ਬਾਰੇ ਵੀ ਜਾਣਕਾਰੀ ਸ਼ਾਮਲ ਹੈ। ਉਹ ਇਸ ਤੋਂ ਪਹਿਲਾਂ ਵੀ ਅਜਿਹੇ ਵਿਸ਼ਿਆਂ ’ਤੇ ਕਈ ਪੁਸਤਕਾਂ ਲਿਖ ਚੁੱਕੇ ਹਨ। ਇਸ ਮੌਕੇ ਦਲ ਖਾਲਸਾ ਦੇ ਸਰਬਜੀਤ ਸਿੰਘ ਘੁਮਾਣ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੇ ਹੋਰ ਪਤਵੰਤੇ ਹਾਜ਼ਰ ਸਨ।