ਪੱਤਰ ਪ੍ਰੇਰਕ
ਅਟਾਰੀ, 20 ਮਾਰਚ
ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਪਾਕਿਸਤਾਨ ਦੇ ਦੋ ਪ੍ਰਮੁੱਖ ਸ਼ਾਇਰਾਂ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਨੇ ਪੰਜਾਬੀ ਦੀ ਕਵਿੱਤਰੀ ਮਨਜੀਤ ਇੰਦਰਾ ਦੀ ਕਾਵਿ ਪੁਸਤਕ ‘ਸਲੀਬਾਂ’ ਲੋਕ ਅਰਪਣ ਕੀਤੀ। ਬਾਬਾ ਨਜ਼ਮੀ ਨੇ ਆਖਿਆ ਕਿ ਮਨਜੀਤ ਇੰਦਰਾ ਉਨ੍ਹਾਂ ਦੀ ਨਿੱਕੀ ਭੈਣ ਹੈ, ਜਿਸ ਦੇ ਕਲਾਮ ਵਿੱਚੋਂ ਸਾਂਝੇ ਪੰਜਾਬ ਦਾ ਖ਼ਮੀਰ ਬੋਲਦਾ ਹੈ। ਉਹ ਸ਼ਬਦ ਨੂੰ ਸੁਰ ਗਿਆਨ ਸਹਾਰੇ ਹੋਰ ਚੰਗਾ ਅਸਰਦਾਰ ਬਣਾਉਣ ਦੀ ਤਾਕਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਕਿਤਾਬਾਂ ਲਿਪੀਅੰਤਰ ਹੋ ਕੇ ਪਾਕਿਸਤਾਨ ’ਚ ਵੀ ਛਪਣੀਆਂ ਚਾਹੀਦੀਆਂ ਹਨ।
ਪਾਕਿਸਤਾਨੀ ਸ਼ਾਇਰ ਤੇ ਚਿੱਤਰਕਾਰ ਆਸਿਫ਼ ਰਜ਼ਾ ਨੇ ਕਿਹਾ ਕਿ ਮਨਜੀਤ ਇੰਦਰਾ ਦੀ ਪ੍ਰੋ. ਮੋਹਨ ਸਿੰਘ ਬਾਰੇ ਕਿਤਾਬ ਤਾਰਿਆਂ ਦਾ ਛੱਜ ਸ਼ਾਹਮੁਖੀ ਵਿੱਚ ਉਨ੍ਹਾਂ ਲਿਪੀਅੰਤਰ ਕਰਕੇ ਪ੍ਰਕਾਸ਼ਿਤ ਕੀਤੀ ਹੈ ਅਤੇ ਗੁਰੂ ਬਾਬਾ ਨਾਨਕ ਯੂਨੀਵਰਸਿਟੀ, ਨਨਕਾਣਾ ਸਾਹਿਬ ਦੇ ਵਾਈਸ ਚਾਂਸਲਰ ਤੋਂ ਇਲਾਵਾ ਮੁਦੱਸਰ ਇਕਬਾਲ ਭੱਟ, ਇਲਿਆਸ ਘੁੰਮਣ, ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਿਲੀਜ਼ ਕੀਤੀ ਗਈ ਹੈ।
ਪਾਕਿਸਤਾਨ ਦੇ ਉੱਘੇ ਸ਼ਾਇਰ ਅਫ਼ਜ਼ਲ ਸਾਹਿਰ ਨੇ ਕਿਹਾ ਕਿ ਮਨਜੀਤ ਇੰਦਰਾ ਉਨ੍ਹਾਂ ਨੂੰ ਪੁੱਤਰ ਮੰਨਦੀ ਹੈ, ਇਸ ਸਾਕੋਂ ਇਹ ਉਨ੍ਹਾਂ ਦੀ ਮਾਂ ਦੀ ਕਿਤਾਬ ਹੈ, ਜਿਸ ਨੂੰ ਉਹ ਉਨ੍ਹਾਂ ਦੀ ਗ਼ੈਰ-ਹਾਜ਼ਰੀ ’ਚ ਲੋਕ ਹਵਾਲੇ ਕਰਨ ਦਾ ਅਧਿਕਾਰ ਰੱਖਦੇ ਹਨ। ਇਸ ਮੌਕੇ ਸਭ ਲੇਖਕ ਦੋਸਤਾਂ ਨੇ ‘ਸਲੀਬਾਂ’ ਦੇ ਲੋਕ ਅਰਪਣ ਦੀਆਂ ਮਨਜੀਤ ਇੰਦਰਾ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਗੁਰਭੇਜ ਸਿੰਘ ਗੋਰਾਇਆ, ਸਹਿਜਪ੍ਰੀਤ ਸਿੰਘ ਮਾਂਗਟ, ਸੁਸ਼ੀਲ ਦੋਸਾਂਝ, ਹਰਵਿੰਦਰ ਚੰਡੀਗੜ੍ਹ, ਆਸਿਫ਼ ਰਜ਼ਾ ਤੇ ਗੁਰਭਜਨ ਗਿੱਲ ਮੌਜੂਦ ਸਨ।