ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 6 ਨਵੰਬਰ
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਬਜ਼ੀ ਮੰਡੀ ਅਤੇ ਸ਼ਮਸ਼ਾਨਘਾਟ ਨੇੜੇ ਜੀਟੀ ਰੋਡ ਸਰਹਿੰਦ ਤੋਂ ਫਲਾਈਓਵਰ ਰੋਡ ’ਤੇ ਬਣਾਏ ਭਗਵਾਨ ਵਿਸ਼ਵਕਰਮਾ ਚੌਂਕ ਨੂੰ ਲੋਕ ਅਰਪਣ ਕੀਤਾ, ਜਿਸ ਸਦਕਾ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਨਾਲ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੀ ਮੌਜੂਦ ਸਨ। ਵਿਧਾਇਕ ਨਾਗਰਾ ਨੇ ਕਿਹਾ ਕਿ ਸਰਹਿੰਦ ਵਿੱਚ ਇਹ ਚੌਕ ਬਣਾਉਣ ਦੀ ਮੰਗ ਲੰਮੇ ਸਮੇਂ ਤੋਂ ਹੋ ਰਹੀ ਸੀ। ਉਨ੍ਹਾਂ ਐਲਾਨ ਕੀਤਾ ਕਿ ਇਸ ਚੌਕ ਦੇ ਆਲੇ-ਦੁਆਲੇ ਦੇ ਖੇਤਰ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਇੱਥੋਂ ਦੇ ਵਿਸ਼ਵਕਰਮਾ ਮੰਦਰ ਵਿੱਚ ਧੀਮਾਨ ਬ੍ਰਾਹਮਣ ਸਭਾ ਵੱਲੋਂ ਸੰਸਥਾ ਦੇ ਪ੍ਰਧਾਨ ਅਸ਼ੋਕ ਧੀਮਾਨ ਦੀ ਅਗਵਾਈ ਹੇਠ ਅਤੇ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਲੇਬਰ ਚੌਕ ਵਿੱਚ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਬਾਬਾ ਵਿਸ਼ਵਕਰਮਾ ਦਿਵਸ ਦੇ ਸਮਾਗਮ ਦੌਰਾਨ ਸ਼ਹਿਰ ਅਤੇ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ।
ਬਨੂੜ (ਪੱਤਰ ਪ੍ਰੇਰਕ): ਇੱਥੇ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਵਿਸ਼ਵਕਰਮਾ ਮੰਦਰ ਵਿੱਚ ਵਿਸ਼ਵਕਰਮਾ ਪ੍ਰਾਣ ਪਾਠ ਦੇ ਭੋਗ ਪਾਏ ਗਏ ਅਤੇ ਕਾਰੀਗਰਾਂ ਵੱਲੋਂ ਔਜ਼ਾਰਾਂ ਦੀ ਪੂਜਾ ਕੀਤੀ ਗਈ। ਸਮਾਗਮ ਵਿੱਚ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ।