ਜਸਵੰਤ ਜੱਸ
ਫ਼ਰੀਦਕੋਟ, 3 ਜੂਨ
ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ 130 ਏਕੜ ’ਚ ਉਪਜੇ ਕੁਦਰਤੀ ਜੰਗਲ ਨੂੰ ਸ਼ੂਗਰ ਮਿੱਲ ਵੱਲੋਂ ਉਜਾੜਨ ਦੇ ਮਾਮਲੇ ਦੀ ਸੁਣਵਾਈ ਦਿੱਲੀ ਵਿੱਚ ਗਰੀਨ ਟ੍ਰਿਬਿਊਨਲ ਵੱਲੋਂ ਭਲਕੇ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਫ਼ਰੀਦਕੋਟ ਦੀ ਸ਼ੂਗਰ ਮਿੱਲ ਪਿਛਲੇ 16 ਸਾਲਾਂ ਤੋਂ ਬੰਦ ਪਈ ਹੈ ਅਤੇ ਇਹ ਮਿੱਲ ਹੁਣ ਇੱਕ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਵਿੱਚ ਹਜ਼ਾਰਾਂ ਦੁਰਲੱਭ ਜਾਤੀਆਂ ਦੇ ਜਾਨਵਰ ਅਤੇ ਲੱਖਾਂ ਦੀ ਗਿਣਤੀ ’ਚ ਰੁੱਖ ਹਨ। ਸ਼ੂਗਰ ਮਿੱਲ ਨੇ ਹਾਊਸਿੰਗ ਪ੍ਰਾਜੈਕਟ ਬਣਾਉਣ ਲਈ ਇਸ ਜੰਗਲ ਨੂੰ ਇੱਕ ਨਿੱਜੀ ਅਦਾਰੇ ਨੂੰ ਸਿਰਫ਼ 67 ਲੱਖ ਰੁਪਏ ’ਚ ਵੇਚ ਦਿੱਤਾ ਸੀ, ਜਿਸ ਮਗਰੋਂ ਵਾਤਾਵਰਨ ਪ੍ਰੇਮੀਆਂ ਦੇ ਵਿਰੋਧ ਤੋਂ ਬਾਅਦ ਇਸ ਜੰਗਲ ਦੀ ਕਟਾਈ ਰੋਕ ਦਿੱਤੀ ਗਈ ਸੀ।
ਬਾਸਕਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਅਤੇ ਹੈਪੀ ਬਰਾੜ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਮਗਰੋਂ ਜੰਗਲ ਦੇ ਇੱਕ ਹਿੱਸੇ ਨੂੰ ਸਾਜ਼ਿਸ਼ ਤਹਿਤ ਅੱਗ ਵੀ ਲਾ ਦਿੱਤੀ ਗਈ ਸੀ ਤਾਂ ਜੋ ਮਿੱਲ ਦੀ ਥਾਂ ਨੂੰ ਜਲਦੀ ਖਾਲੀ ਕੀਤਾ ਜਾ ਸਕੇ। ਭਾਈ ਘਨ੍ਹੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਦੇ ਆਗੂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਇਸ ਸਬੰਧੀ ਗ੍ਰੀਨ ਟ੍ਰਿਬਿਊਨਲ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐੱਚ.ਸੀ. ਅਰੋੜਾ ਰਾਹੀਂ ਪਟੀਸ਼ਨ ਦਾਇਰ ਕਰ ਕੇ ਜੰਗਲ ਨੂੰ ਸੁਰੱਖਿਅਤ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਹੁਣ 4 ਜੂਨ ਨੂੰ ਸੁਣਵਾਈ ਹੋਣ ਜਾ ਰਹੀ ਹੈ।