ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਦਸੰਬਰ
ਅੱਜ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਦੇ ਖੋਜਾਰਥੀਆਂ ਵੱਲੋਂ ਡਿਗਰੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਧਰਮ ਅਧਿਐਨ ਨਾਲ ਸਬੰਧਿਤ ਖੋਜਾਰਥੀਆਂ ਨੇ ਸਵੇਰੇ 9 ਤੋਂ 12.00 ਵਜੇ ਤੱਕ ਗੁਰੂ ਗੋਬਿੰਦ ਸਿੰਘ ਭਵਨ ਅੱਗੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਸਮਾਪਤੀ ਤੋਂ ਬਾਅਦ ਖੋਜਾਰਥੀਆਂ ਨੇ ਆਪਣੀਆਂ ਡਿਗਰੀਆਂ ਨੂੰ ਫ਼ੂਕਿਆ। ਇਸ ਦੌਰਾਨ ਧਰਮ ਅਧਿਐਨ ਦੇ ਖੋਜਾਰਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਵਿਚ ਵੱਖ-ਵੱਖ ਵਿਸ਼ਿਆਂ ਸਬੰਧੀ ਸਹਾਇਕ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਸਨ, ਪਰ ਧਰਮ ਅਧਿਐਨ ਦੀ ਇਕ ਵੀ ਪੋਸਟ ਨਹੀਂ ਕੱਢੀ ਗਈ, ਜਿਸ ਦਾ ਕਾਰਨ ਕਾਲਜਾਂ ਵਿਚ ਧਰਮ ਅਧਿਐਨ ਵਿਸ਼ੇ ਨੂੰ ਨਾ ਪੜ੍ਹਾਇਆ ਜਾਣਾ ਹੈ। ਇਸ ਮੌਕੇ ਧਰਮ ਅਧਿਐਨ ਦੇ ਖੋਜਾਰਥੀ ਰਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਿਖੇ ਅਨੇਕ ਖੋਜਾਰਥੀ ਧਰਮ ਅਧਿਐਨ ਵਿਸ਼ੇ ਦੀ ਐਮ.ਏ. ਅਤੇ ਪੀਐੱਚ. ਡੀ. ਕਰ ਰਹੇ ਹਨ ਅਤੇ ਸੈਂਕੜੇ ਖੋਜਾਰਥੀ ਪੀਐਚ. ਡੀ. ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਧਰਮ ਅਧਿਐਨ ਦਾ ਵਿਸ਼ਾ ਲਾਗੂ ਕਰਦਿਆਂ ਸਹਾਇਕ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ ਜਾਣ ਜਿਸ ਨਾਲ ਸਮਾਜ ਵਿੱਚ ਸਾਰੇ ਧਰਮਾਂ ਦੀ ਸਹੀ ਜਾਣਕਾਰੀ ਹੋਵੇ।
ਇਸ ਮੌਕੇ ਸੈਫੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਧਰਮ ਅਧਿਐਨ ਵਿਸ਼ੇ ਨੂੰ ਕਿਸੇ ਸਾਜ਼ਿਸ਼ ਤਹਿਤ ਅੱਖੋਂ-ਪਰੋਖੇ ਕੀਤਾ ਗਿਆ ਹੈ। ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਆਮ ਲੋਕਾਂ ਨੂੰ ਧਰਮ ਦੀ ਸਹੀ ਸਮਝ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਵਿਸ਼ੇ ਨੂੰ ਲਾਗੂ ਨਹੀਂ ਕਰਦੀ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਪਰਗਟ ਸਿੰਘ ਦੇ ਵਿਰੁੱਧ ਉਹ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਨਿਰਮਲਜੀਤ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਮੁਹੰਮਦ ਨਾਸਿਰ,ਗਗਨਦੀਪ ਸਿੰਘ, ਮਨਦੀਪ ਕੌਰ, ਜੈਪ੍ਰੀਤ ਕੌਰ ,ਨੈਨਸੀ ਸ਼ਰਮਾ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ।