ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਦੇਰੀ ਹੋਣ ਕਾਰਨ ਵਿਦਿਆਰਥੀਆਂ ਵਿੱਚ ਤਣਾਅ ਵੱਧ ਰਿਹਾ ਹੈ ਤੇ ਉਹ ਇੰਸਟਾਗਰਾਮ ’ਤੇ ਇਸ ਦੇ ਰੋਸ ਵਜੋਂ ਵੀਡੀਓਜ਼ ਸਾਂਝੀ ਕਰ ਕੇ ਭੜਾਸ ਕੱਢ ਰਹੇ ਹਨ। ਉਹ ਕਹਿ ਰਹੇ ਹਨ ਕਿ ਪ੍ਰੀਖਿਆਵਾਂ ਬਾਰੇ ਫੈਸਲੇ ’ਚ ਦੇਰੀ ਹੋਣ ਕਾਰਨ ਉਹ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਨ ਜੋਗੇ ਵੀ ਨਹੀਂ ਰਹੇ। ਟੀਵੀ ਅਦਾਕਾਰਾ ਤੇ ਵਿਦਿਆਰਥਣ ਅਸ਼ਨੂਰ ਕੌਰ ਨੇ ਵੀ ਪ੍ਰੀਖਿਆਵਾਂ ਸਬੰਧੀ ਵੀਡੀਓ ਇੰਸਟਾ ’ਤੇ ਅਪਲੋਡ ਕਰ ਕੇ ਬੱਚਿਆਂ ਦੇ ਤਣਾਅ ਵਧਣ ਦਾ ਹਵਾਲਾ ਦਿੱਤਾ ਹੈ।
12ਵੀਂ ਜਮਾਤ ਦੀ ਵਿਦਿਆਰਥਣ ਅਸ਼ਨੂਰ ਕੌਰ ਨੇ ਵੀ ਇਸ ਸਾਲ ਪ੍ਰੀਖਿਆ ਦੇਣੀ ਹੈ, ਉਸ ਨੇ ਸੋਸ਼ਲ ਮੀਡੀਆ ’ਤੇ ਮਜ਼ਾਹੀਆ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿਚ ਉਹ ਪ੍ਰੀਖਿਆਵਾਂ ਸਬੰਧੀ ਫੈਸਲਾ ਜਲਦ ਕਰਨ ਦੀ ਮੰਗ ਕੀਤੀ ਗਈ ਹੈ। ਅਸ਼ਨੂਰ ਦੀ ਵੀਡੀਓ ਨੂੰ 1,65,156 ਲਾਈਕ ਮਿਲ ਚੁੱਕੇ ਹਨ ਤੇ 1907 ਜਣਿਆਂ ਨੇ ਟਿੱਪਣੀਆਂ ਵੀ ਕੀਤੀਆਂ ਹਨ।
ਨਿਹਾਰਿਕਾ ਚੌਧਰੀ ਨੇ ਕੱਸਿਆ ਵਿਅੰਗ
ਚੰਡੀਗੜ੍ਹ ਦੀ ਨਿਹਾਰਿਕਾ ਚੌਧਰੀ ਨੇ ਇੰਸਟਾਗਰਾਮ ’ਤੇ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਉਸ ਨੇ ਸੀਬੀਐਸਈ ਵੱਲੋਂ ਪ੍ਰੀਖਿਆਵਾਂ ਸਬੰਧੀ ਫੈਸਲੇ ’ਚ ਦੇਰੀ ਕਰਨ ’ਤੇ ਵਿਅੰਗ ਵੀ ਕੱਸਿਆ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਹੁਣ 12ਵੀਂ ਜਮਾਤ ਦੀ ਪ੍ਰੀਖਿਆ ਦੀ ਤਿਆਰੀ ਕਰੇ ਜਾਂ ਦਾਖਲਾ ਪ੍ਰੀਖਿਆ ਦੀ। ਉਸ ਨੇ ਕਿਹਾ ਕਿ ਪ੍ਰੀਖਿਆਵਾਂ ਲੇਟ ਹੋਣ ਕਾਰਨ ਉਸ ਦਾ ਤਣਾਅ ਵਧ ਰਿਹਾ ਹੈ।