ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਐੱਸਵਾਈਐੱਲ’ ਯੂ-ਟਿਊਬ ਤੋਂ ਹਟਾਏ ਜਾਣ ਮਗਰੋਂ ਹੁਣ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਦੌਰਾਨ ਬਣਾਏ ਗਏ ਟਵਿੱਟਰ ਅਕਾਊਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤੀ ਕਾਨੂੰਨ ਦਾ ਸਹਾਰਾ ਲੈਂਦਿਆਂ ਕਿਸਾਨ ਜਥੇਬੰਦੀਆਂ ਦੇ ਟਵਿੱਟਰ ਅਕਾਊਂਟ ‘ਕਿਸਾਨ ਏਕਤਾ ਮੋਰਚਾ’ ਅਤੇ ‘ਟਰੈਕਟਰ ਟੂ ਟਵਿੱਟਰ’ ਨੂੰ ਹਟਾ ਦਿੱਤਾ ਗਿਆ ਹੈ।
ਇਹ ਦੋਵੇਂ ਅਕਾਊਂਟ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਏ ਗਏ ਸਨ। ਇਨ੍ਹਾਂ ਖਾਤਿਆਂ ਰਾਹੀਂ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਡਿਜੀਟਲ ਪਲੈਟਫਾਰਮ ’ਤੇ ਸਾਂਝੀ ਕੀਤੀ ਜਾਂਦੀ ਸੀ। ਟਵਿੱਟਰ ’ਤੇ ‘ਕਿਸਾਨ ਏਕਤਾ ਮੋਰਚਾ’ ਅਕਾਊਂਟ ਦੇ ਪੰਜ ਲੱਖ ਫਾਲੋਅਰਜ਼ ਸਨ ਜਦਕਿ ‘ਟਰੈਕਟਰ ਟੂ ਟਵਿੱਟਰ’ ਦੇ 55 ਹਜ਼ਾਰ ਫਾਲੋਅਰਜ਼ ਸਨ। ਇਨ੍ਹਾਂ ਖਾਤਿਆਂ ਤੋਂ ਕਿਸਾਨ ਆਗੂਆਂ ਵੱਲੋਂ ਕੇਂਦਰ ਦੇ ਆਈਟੀ ਸੈੱਲ ਦੇ ਗੁੰਮਰਾਹਕੁਨ ਬਿਆਨਾਂ ਦਾ ਪਰਦਾਫਾਸ਼ ਕੀਤਾ ਜਾਂਦਾ ਸੀ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕੀਤਾ ਜਾਂਦਾ ਸੀ। ਟਰਾਲੀ ਟਾਈਮਜ਼ ਦੇ ਸਹਿ-ਸੰਸਥਾਪਕ ਅਜੈਪਾਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਲੋਕ ਵਿਰੋਧੀ ਸਕੀਮਾਂ ਖ਼ਿਲਾਫ਼ ਸਵਾਲ ਉਠਾਉਣ ਅਤੇ ਲੋਕ ਆਵਾਜ਼ ਬੁਲੰਦ ਕਰਨ ਵਾਲੇ ‘ਕਿਸਾਨ ਏਕਤਾ ਮੋਰਚਾ’ ਅਤੇ ‘ਟਰੈਕਟਰ ਟੂ ਟਵਿੱਟਰ’ ਸਮੇਤ ਕਈ ਹੋਰ ਟਵਿੱਟਰ ਅਕਾਊਂਟਸ ਨੂੰ ਹਟਾਉਣਾ ਇੱਕ ਕਾਇਰਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ ਲੋਕਤੰਤਰ ਹੈ, ਜਿੱਥੇ ਬੋਲਣ ਦੇ ਬੁਨਿਆਦੀ ਹੱਕ ’ਤੇ ਵੀ ਪਾਬੰਦੀ ਹੈ। ਸਰਕਾਰੀ ਏਜੰਸੀਆਂ ਹੁਕਮਰਾਨ ਧਿਰਾਂ ਦੀ ਕਠਪੁਤਲੀ ਬਣ ਗਈਆਂ ਹਨ ਅਤੇ ਡਿਜੀਟਲ ਯੁੱਗ ਵਿੱਚ ਲੋਕ ਆਵਾਜ਼ ਦਬਾਉਣ ਲਈ ਧੜਾ-ਧੜ ਆਨਲਾਈਨ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ‘ਕਸ਼ਮੀਰ ਫਾਈਲਜ਼’ ਵਰਗੀਆਂ ਫਿਲਮਾਂ ਨੂੰ ਟੈਕਸ ਮੁਕਤ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਪਾਣੀ ਦੇ ਕਾਨੂੰਨੀ ਹੱਕਾਂ ਦੀ ਗੱਲ ਕਰਨ ਵਾਲੇ ਗੀਤ ‘ਐੱਸਵਾਈਐੱਲ’ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਟਵਿੱਟਰ ਅਕਾਊਂਟ ਹਟਾਉਣਾ, ਲੋਕ ਆਵਾਜ਼ ਨੂੰ ਦਬਾਉਣ ਦੀ ਕਾਰਵਾਈ: ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ‘ਕਿਸਾਨ ਏਕਤਾ ਮੋਰਚਾ’ ਦੇ ਟਵਿੱਟਰ ਹੈਂਡਲ ਅਤੇ ਹੋਰ ਸਬੰਧਤ ਖਾਤਿਆਂ ’ਤੇ ਪਾਬੰਦੀ ਕਿਸਾਨਾਂ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਹੈ। ਉਗਰਾਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਲੋਕ ਵਿਰੋਧੀ ਕਦਮ ਦੀ ਸਖ਼ਤ ਨਿਖੇਧੀ ਕਰਦੇ ਹਨ। ਇਸੇ ਦੌਰਾਨ ਵੱਖਰੇ ਤੌਰ ’ਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਭੀਖੀ ਨੇ ਵੀ ਕੇਂਦਰ ਸਰਕਾਰ ਦੀ ਇਸ ਕਾਰਵਾਈ ਖ਼ਿਲਾਫ਼ ਰੋਸ ਜਤਾਇਆ ਹੈ।