ਜੋਗਿੰਦਰ ਸਿੰਘ ਮਾਨ
ਮਾਨਸਾ, 2 ਦਸੰਬਰ
ਟਿਕਰੀ ਨੇੜੇ ਖੜ੍ਹੀ ਕਾਰ ਵਿੱਚ ਜਿਊਂਦੇ ਸੜੇ ਜਨਕ ਰਾਜ ਦੇ ਸਸਕਾਰ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਰੱਖੀਆਂ ਸ਼ਰਤਾਂ ਨੂੰ ਸਰਕਾਰ ਨੇ ਮੰਨ ਲਿਆ ਹੈ। ਸਰਕਾਰ ਵੱਲੋਂ ਜਨਕ ਰਾਜ ਦੇ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ੇ ਸਮੇਤ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਕਰਜ਼ੇ ਉੱਤੇ ਲੀਕ ਫੇਰਨ ਦੇ ਵਾਅਦੇ ਮਗਰੋਂ ਉਸ ਦਾ ਪੋਸਟਮਾਰਟਮ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਇਸ ਮਗਰੋਂ ਜਥੇਬੰਦੀ ਨੇ ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਪੋਸਟਮਾਰਟਮ ਕਰਵਾਇਆ ਅਤੇ ਮ੍ਰਿਤਕ ਦੇਹ ਹਸਪਤਾਲ ਤੋਂ ਲਿਆਂਦੀ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਨਕ ਰਾਜ ਦਾ ਸਸਕਾਰ ਭਲਕੇ 3 ਦਸੰਬਰ ਨੂੰ ਧਨੌਲਾ ਮੰਡੀ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਕ ਰਾਜ ਨੂੰ ਜਥੇਬੰਦੀ ਨੇ ਦਿੱਲੀ ਕਿਸਾਨ ਅੰਦੋਲਨ ਦਾ ‘ਸ਼ਹੀਦ’ ਮੰਨਿਆ ਹੈ। ਇਸੇ ਕਰਕੇ ਸਸਕਾਰ ਲਈ ਜਥੇਬੰਦੀ ਨੇ ਸਟੈਂਡ ਲਿਆ ਅਤੇ ਭਲਕੇ ਉਸ ਦੇ ਸਸਕਾਰ ਮੌਕੇ ਯੂਨੀਅਨ ਵੱਲੋਂ ਝੰਡਾ ਪਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਸੇਵਾ ਕਰਨ ਵਾਲੇ ਮਕੈਨਿਕ ਗੁਰਜੰਟ ਸਿੰਘ ਦੇ ਸਾਥੀ ਜਨਕ ਰਾਜ ਦੀ ਟਿਕਰੀ ਬੈਰੀਅਰ ਉੱਪਰ ਖੜ੍ਹੀ ਕਾਰ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ ਜਥੇਬੰਦੀ ਨੇ ਸ਼ਰਤਾਂ ਤਹਿਤ ਉਸ ਦਾ ਸਸਕਾਰ ਕਰਨ ਦਾ ਐਲਾਨ ਕੀਤਾ ਸੀ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ‘ਆਪ’ ਆਗੂ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪਾਰਟੀ ਨੇ ਮਦਦ ਲਈ 10 ਲੱਖ ਰੁਪਏ ਇਕੱਠੇ ਕਰਕੇ ਸਿੱਧਾ ਪੀੜਤ ਪਰਿਵਾਰ ਦੇ ਖਾਤੇ ਵਿੱਚ ਪਾਏ।