ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 13 ਮਈ
ਪੰਥਕ ਅਕਾਲੀ ਲਹਿਰ ਦੀ ਅੱਜ ਇੱਥੇ ਹੋਈ ਮੀਟਿੰਗ ਵਿਚ ਕੌਮੀ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਮਿਤਾਭ ਬਚਨ ਕੋਲੋਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 2 ਕਰੋੜ ਅਤੇ ਹਸਪਤਾਲ ਲਈ 10 ਕਰੋੜ ਦੀ ਮਦਦ ਲੈਣ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਬਾਦਲਾਂ ਨੇ ਸਿੱਖ ਇਤਿਹਾਸ ਨੂੰ ਹੋਰ ਕਲੰਕਿਤ ਕੀਤਾ ਹੈ ਕਿਉਂਕਿ 1984 ਦੇ ਦੰਗਿਆ ਲਈ ਅਮਿਤਾਭ ਬਚਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਵੱਲੋਂ ਬਰਗਾੜੀ ਮਾਮਲੇ ਵਿਚ ਬਣਾਈ ਨਵੀਂ ਐੱਸਆਈਟੀ ਨੂੰ ਰੱਦ ਕਰਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਈ ਕੋਰਟ ਦੇ ਫ਼ੈਸਲੇ ਖਿਲਾਫ਼ ਡਬਲ ਬੈਚ ਜਾਂ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਹਬਿਲ ਕਲਾਂ ਮਾਮਲੇ ਦੀ 18 ਮਈ ਨੂੰ ਹਾਈ ਕੋਰਟ ਵਿਚ ਪੇਸ਼ੀ ਹੈ। ਇਸ ਲਈ ਐੱਸਆਈਟੀ ਬਦਲਣ ਬਾਰੇ ਸਹਿਮਤੀ ਨਾ ਦਿੱਤੀ ਜਾਵੇ ਸਗੋਂ ਮਜ਼ਬੂਤੀ ਨਾਲ ਪੈਰਵੀ ਕੀਤੀ ਜਾਵੇ। ਇੱਕ ਮਤੇ ਵਿਚ ਦੋਸ਼ ਲਾਇਆ ਕਿ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿਚ ਮੀਰੀ-ਪੀਰੀ ਅਕੈਡਮੀ ਹਰਿਆਣਾ ਵਿਚ 24 ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਦਲਾਂ ਨੂੰ ਲੀਜ਼ ਉਪਰ ਦੇ ਦਿੱਤੀ ਜਿਨ੍ਹਾਂ ਟਰੱਸਟ ਬਣਾ ਕੇ 68 ਕਰੋੜ ਸ਼੍ਰੋਮਣੀ ਕਮੇਟੀ ਦਾ ਲਗਵਾ ਦਿੱਤਾ 7 ਕਰੋੜ ਇਸ ਬਜਟ ਵਿਚ ਰੱਖ ਲਿਆ, ਇਸੇ ਤਰ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਬਾਦਲਾਂ ਨੇ ਆਪਣੇ ਕੁੜਮਾਂ ਨੂੰ ਦੇ ਦਿੱਤਾ। ਉਨ੍ਹਾਂ ਗੁਰੂਘਰ ਦੀਆਂ ਜਾਇਦਾਦਾਂ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ। ਮੀਟਿੰਗ ਵਿਚ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਜਸਜੀਤ ਸਿੰਘ ਸਮੁੰਦਰੀ, ਜੋਗਾ ਸਿੰਘ ਚੱਪੜ, ਗੁਰਵਿੰਦਰ ਸਿੰਘ ਡੂਮਛੇੜੀ, ਅਮਰੀਕ ਸਿੰਘ ਰੋਮੀ ਬਸੀ ਪਠਾਣਾ, ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ, ਸਰਬਜੀਤ ਸਿੰਘ ਸੁਹਾਗਹੇੜੀ, ਰਵਿੰਦਰ ਸਿੰਘ ਵਜੀਦਪੁਰ, ਗੁਰਮੀਤ ਸਿੰਘ, ਹਰਦੀਪ ਸਿੰਘ ਘੁਮਾਣਾ, ਲਖਵੀਰ ਸਿੰਘ ਦਬੁਰਜੀ, ਰਾਜਦੀਪ ਸਿੰਘ, ਪ੍ਰਭਜੋਤ ਸਿੰਘ ਮੁਹਾਲੀ, ਦਵਿੰਦਰ ਸਿੰਘ ਮੁਹਾਲੀ, ਜਸਵੀਰ ਸਿੰਘ ਪੀਏ, ਪਰਮਿੰਦਰ ਸਿੰਘ ਖ਼ਾਲਸਾ, ਗੁਰਮਿੰਦਰ ਸਿੰਘ ਗੱਗੀ ਹਾਜ਼ਰ ਸਨ।