ਹੁਸ਼ਿਆਰਪੁਰ, 22 ਜਨਵਰੀ
ਇਥੋਂ ਕਰੀਬ 30 ਕਿਲੋਮੀਟਰ ਦੂਰ ਟੂਟੋ ਮਾਜਰਾ ਨੇੜੇ ਅੱਜ ਦਿੱਲੀ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਮੌਤ ਹੋ ਗਈ ਅਤੇ 6 ਸਵਾਰੀਆਂ ਜ਼ਖਮੀ ਹੋ ਗਈਆਂ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਡਰਾਈਵਰ ਗੁਰਨਾਮ ਸਿੰਘ (50) ਅਤੇ ਕੰਡਕਟਰ ਜਤਿੰਦਰ ਕੁਮਾਰ (35) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਰਜਿਸਟ੍ਰੇਸ਼ਨ ਨੰਬਰ ਵਾਲੀ ਬੱਸ ਦਿੱਲੀ ਤੋਂ ਹੁਸ਼ਿਆਰਪੁਰ ਜਾ ਰਹੀ ਸੀ।