* ਪੁਲਵਾਮਾ ਦੇ ਸ਼ਹੀਦਾਂ ਨੂੰ ਕਿਸਾਨ ਅੱਜ ਦੇਣਗੇ ਸ਼ਰਧਾਂਜਲੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ’ਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਅਤੇ ਕਿਸਾਨਾਂ ਖ਼ਿਲਾਫ਼ ‘ਝੂਠੇ’ ਪਰਚੇ ਦਰਜ ਕਰਨ ਦੇ ਮਾਮਲਿਆਂ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਨੋਟਿਸਾਂ ਦਾ ਜਵਾਬ ਦੇਣ ਲਈ ਸਿੱਧੇ ਪੁਲੀਸ ਕੋਲ ਨਾ ਜਾਣ। ਮੋਰਚੇ ਦੇ ਆਗੂਆਂ ਨੇ ਉਨ੍ਹਾਂ ਨੂੰ ਵਕੀਲਾਂ ਦੇ ਪੈਨਲ ਨਾਲ ਰਾਬਤਾ ਬਣਾਉਣ ਲਈ ਕਿਹਾ ਹੈ ਤਾਂ ਜੋ ਨੋਟਿਸਾਂ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦਿੱਤਾ ਜਾ ਸਕੇ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਦੇ ਕਿਸਾਨ ਭਲਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣਗੇ।
ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਕਾਨੂੰਨੀ ਸੈੱਲ ਦੇ ਮੈਂਬਰ ਕੁਲਦੀਪ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ 26 ਜਨਵਰੀ ਨੂੰ ਹੋਈ ਹਿੰਸਾ ਪਿੱਛੇ ‘ਸਾਜ਼ਿਸ਼’ ਨੂੰ ਬੇਨਕਾਬ ਕੀਤਾ ਜਾ ਸਕੇ। ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਜਲ ਬੋਰਡ ਦੇ ਮੀਤ ਚੇਅਰਮੈਨ ਅਤੇ ‘ਆਪ’ ਆਗੂ ਰਾਘਵ ਚੱਢਾ ਨੂੰ ਬੇਨਤੀ ਕੀਤੀ ਹੈ ਕਿ ਗ੍ਰਿਫ਼ਤਾਰ ਕਿਸਾਨਾਂ ਨੂੰ ਇਕ ਜੇਲ੍ਹ ’ਚ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਮੋਰਚੇ ਦੇ ਕਾਨੂੰਨੀ ਸੈੱਲ ਵੱਲੋਂ ਅੱਜ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਦਿੱਲੀ ਪੁਲੀਸ ਵੱਲੋਂ ਦਰਜ 44 ਮੁਕੱਦਮਿਆਂ ਵਿੱਚੋਂ 22 ਦੀਆਂ ਐੱਫਆਈਆਰ ਦੀ ਕਾਪੀ ਹੀ ਮੋਰਚੇ ਕੋਲ ਹੈ ਅਤੇ 14 ਮੁਕੱਦਮਿਆਂ ਵਿੱਚ ਹੀ ਗ੍ਰਿਫ਼ਤਾਰੀਆਂ ਹੋਈਆਂ ਹਨ। ਇਸ ਲਈ ਬਾਕੀ 22 ਮੁਕੱਦਮਿਆਂ ਵਿੱਚ ਦਿੱਲੀ ਪੁਲੀਸ ਕੁਝ ਵੀ ਗੜਬੜ ਕਰ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ ਅਣਪਛਾਤੇ ਮਾਮਲਿਆਂ ਵਿੱਚ ਵੀ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ।
ਸੈੱਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਪੁਲੀਸ ਵੱਲੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਸੀਆਰਪੀਸੀ ਦੀ ਧਾਰਾ 160 ਤਹਿਤ ਨੋਟਿਸ ਭੇਜ ਕੇ ਖੌਫ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਈ ਕਿਸਾਨਾਂ ਖ਼ਾਸ ਕਰਕੇ ਨੌਜਵਾਨਾਂ ਨੂੰ 2 ਤੋਂ4 ਦਿਨਾਂ ਲਈ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪਹਿਲਾਂ 38 ਅੰਦੋਲਨਕਾਰੀ ਲਾਪਤਾ ਸਨ ਪਰ ਹੁਣ 16 ਵਿਅਕਤੀ ਲਾਪਤਾ ਹਨ ਜਿਨ੍ਹਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਲਾਪਤਾ ਵਿਅਕਤੀਆਂ ਵਿੱਚੋਂ 9 ਹਰਿਆਣਾ, 1 ਰਾਜਸਥਾਨ ਅਤੇ 6 ਪੰਜਾਬ ਤੋਂ ਹਨ। ਉਨ੍ਹਾਂ ਦੱਸਿਆ ਕਿ ਮੋਗਾ ਦੇ ਰਣਜੀਤ ਸਿੰਘ ਅਤੇ ਨਵਾਂ ਸ਼ਹਿਰ ਦੇ ਕਾਜਮਪੁਰ ਦੇ ਰਣਜੀਤ ਸਿੰਘ ਤਿਹਾੜ ਜੇਲ੍ਹ ਅੰਦਰ ਚੜ੍ਹਦੀ ਕਲਾ ਵਿੱਚ ਹਨ। ਬਾਕੀ 10 ਕਿਸਾਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ 5 ਦੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਖ਼ਿਲਾਫ਼ ਧਾਰਾ 307 ਜਾਣਬੁੱਝ ਕੇ ਲਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਸੌਖਿਆਂ ਜ਼ਮਾਨਤ ਨਾ ਮਿਲ ਸਕੇ। ਉਨ੍ਹ੍ਵਾਂ ਦੱਸਿਆ ਕਿ ਜੇਲ੍ਹ ’ਚ ਬੰਦ 122 ਕਿਸਾਨਾਂ ਦੀ ਮਦਦ ਲਈ ਦੋ-ਦੋ ਹਜ਼ਾਰ ਰੁਪਏ ਸੋਮਵਾਰ ਨੂੰ ਖਾਤਿਆਂ ਵਿੱਚ ਭੇਜੇ ਜਾਣਗੇ।
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਦੇ ਕਿਸਾਨ ਭਲਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਇਲਾਵਾ ਪੰਜਾਬ ਸਮੇਤ ਹੋਰ ਥਾਵਾਂ ’ਤੇ ਮੋਮਬੱਤੀ ਮਾਰਚ ਵੀ ਕੱਢੇ ਜਾਣਗੇ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਨੂੰ ਸਾਰਥਕ ਕਰਨ ਲਈ ਪੁਲਵਾਮਾ ਦੇ ਸ਼ਹੀਦਾਂ ਦੀ ਸ਼ਹਾਦਤ ਅੱਗੇ ਕਿਸਾਨ ਆਪਣੇ ਸਿਰ ਝੁਕਾਉਣਗੇ ਕਿਉਂਕਿ ਕਿਸਾਨਾਂ ਦੇ ਪੁੱਤ ਸਰਹੱਦਾਂ ਦੀ ਰਾਖੀ ਕਰਦੇ ਹਨ ਜਦੋਂ ਕਿ ਕਿਸਾਨ ਮਾਂ ਵਰਗੀਆਂ ਜ਼ਮੀਨਾਂ ਨੂੰ ਕਾਰਪੋਰੇਟਾਂ ਤੋਂ ਬਚਾਉਣ ਲਈ ਸੜਕਾਂ ਉਪਰ ਧਰਨੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੌਮੀ ਝੰਡੇ ਤਿਰੰਗੇ ਦਾ ਸਨਮਾਨ ਕਰਦੇ ਹੋਏ ਇਸ ਦਿਵਸ ਨੂੰ ਯਾਦ ਕਰਨਗੇ। ਕਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਕਿਸਾਨੀ ਘੋਲ ਵਿੱਚ ਮਰੇ ਕਿਸਾਨਾਂ ਬਾਰੇ ਸਰਕਾਰ ਨੂੰ ਜਾਣਕਾਰੀ ਨਾ ਹੋਣ ਦੇ ਬਿਆਨ ਨੂੰ ਦੁਖਦਾਈ ਕਰਾਰ ਦਿੱਤਾ ਹੈ।
ਜੈ ਰਾਮ ਰਮੇਸ਼ ਨੇ ਐੱਮਐੱਸਪੀ ਬਾਰੇ ਮੋਦੀ ਦੀ ਮੰਗ ਟਵੀਟ ਕੀਤੀ
ਨਵੀਂ ਦਿੱਲੀ: ਸੰਸਦ ਵਿੱਚ ਕਾਂਗਰਸ ਅਤੇ ਭਾਜਪਾ ਵਿੱਚ ਕਿਸਾਨਾਂ ਦੇ ਮੁੱਦਿਆਂ ਉੱਤੇ ਚੱਲ ਰਹੀ ਜੰਗ ਦੌਰਾਨ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਐੱਮਐੱਸਪੀ ਬਾਰੇ ਜਾਰੀ ਕੀਤੀ ਮੰਗ ਨੂੰ ਟਵਿੱਟਰ ਉੱਤੇ ਨਸ਼ਰ ਕਰ ਦਿੱਤਾ ਹੈ ਜਿਸ ਵਿੱਚ ਮੋਦੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਸੰਵਿਧਾਨਕ ਵਿਵਸਥਾ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਵੀ ਵਪਾਰੀ ਐੱਮਐੱਸਪੀ ਤੋਂ ਘੱਟ ਕਿਸਾਨ ਤੋਂ ਖਰੀਦ ਨਾ ਕਰ ਸਕੇ। ਉਨ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਸੰਬੋਧਨ ਹੁੰਦਿਆਂ ਆਪਣੀ ਟਿੱਪਣੀ ਵਿੱਚ ਕਿਹਾ ਹੈ ਕਿ ਹੁੁਣ ਪ੍ਰਧਾਨ ਮੰਤਰੀ ਨੇ ‘ਯੂ ਟਰਨ’ ਲੈ ਲਿਆ ਹੈ।
ਦਿੱਲੀ ਪੁਲੀਸ ਨੇ ਕੁਝ ਬੇਕਸੂਰਾਂ ਨੂੰ ਚੁੱਕਿਆ: ਮਨੁੱਖੀ ਅਧਿਕਾਰ ਸੰਗਠਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਦਿੱਲੀ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਗਣਤੰਤਰ ਪਰੇਡ ਦੇ ਸਮੇਂ ਦੀ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖੀ ਜਾਵੇ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਵਿੱਚ ਕੁਝ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਫਸਾਇਆ ਹੈ ਜੋ ਬੇਕਸੂਰ ਹਨ। ਉਨ੍ਹਾਂ ਇਸ ਦੇ ਸਬੂਤ ਹੋਣ ਦਾ ਦਾਅਵਾ ਵੀ ਕੀਤਾ ਹੈ। ਸੰਗਠਨ ਨਾਲ ਜੁੜੇ ਵਕੀਲ ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਦਿੱਲੀ ਪੁਲੀਸ ਨੂੰ ਭੇਜੇ ਗਏ ਪੱਤਰ ’ਤੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਕਮਿਸ਼ਨ ਮੁਤਾਬਕ ਉਸ ਕੋਲ ਅਜਿਹੇ ਸਬੂਤ ਹਨ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੁਝ ਨੌਜਵਾਨ 28 ਜਨਵਰੀ ਨੂੰ ਆਪਣੇ ਪਿੰਡੋਂ ਚੱਲੇ ਸਨ ਅਤੇ ਪੁਲੀਸ ਨੇ ਉਨ੍ਹਾਂ ਨੂੰ 29 ਜਨਵਰੀ ਨੂੰ ਚੁੱਕ ਲਿਆ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਫਸਾ ਦਿੱਤਾ।
ਮੁਅੱਤਲ ਕਿਸਾਨ ਆਗੂਆਂ ਨੇ ਜਾਂਚ ਕਮੇਟੀ ਅੱਗੇ ਪੱਖ ਰੱਖਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਗਣਤੰਤਰ ਪਰੇਡ ਦੇ ਮੱਦੇਨਜ਼ਰ ਮੁਅੱਤਲ ਕੀਤੇ ਗਏ ਦੋ ਕਿਸਾਨ ਆਗੂਆਂ ਨੇ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਅੱਗੇ ਆਪਣਾ ਪੱਖ ਰੱਖਿਆ। ਮੁਅੱਤਲ ਕੀਤੇ ਆਗੂਆਂ ਸੁਰਜੀਤ ਸਿੰਘ ਫੂਲ ਤੇ ਹਰਪਾਲ ਸਿੰਘ ਸੰਘਾ ਨੇ ਇਸ ਕਮੇਟੀ ਕੋਲ ਆਪਣਾ ਪੱਖ ਰੱਖ ਦਿੱਤਾ ਹੈ। ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਸੀ। ਹਰਜੀਤ ਸਿੰਘ ਰਵੀ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਪੱਖ ’ਤੇ ਅਗਲੇ ਦਿਨਾਂ ਦੌਰਾਨ ਵਿਚਾਰ ਕੀਤੀ ਜਾਵੇਗੀ।
ਢਿੱਡ ਭਰਨ ਵਾਲਿਆਂ ਦਾ ਹੱਕ ਅਦਾ ਕਰਨ ਆਈ ਹਾਂ: ਤਾਰਾ ਗਾਂਧੀ
ਨਵੀਂ ਦਿੱਲੀ: (ਮਨਧੀਰ ਸਿੰਘ ਦਿਓਲ): ਗਾਜ਼ੀਪੁਰ ਬਾਰਡਰ ’ਤੇ ਦਿੱਤੇ ਜਾ ਰਹੇ ਧਰਨੇ ’ਚ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਪੋਤੀ ਤਾਰਾ ਗਾਂਧੀ ਦੇ ਪਹੁੰਚਣ ਨਾਲ ਕਿਸਾਨਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ। ਤਾਰਾ ਗਾਂਧੀ ਨੇ ਕਿਹਾ, ‘‘ਅਸੀਂ ਉਸ ਵਿਅਕਤੀ ਦੇ ਹੱਕ ਅਦਾ ਕਰਨ ਲਈ ਇਥੇ ਆਏ ਹਾਂ ਜਿਸ ਨੇ ਸਾਡਾ ਢਿੱਡ ਭਰਿਆ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜਨਤਾ ਦਾ ਹਿੱਤ ਕਿਸਾਨਾਂ ਦੇ ਹਿੱਤ ਵਿੱਚ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੁਹਰਾਇਆ ਕਿ ਜੇ ਸਰਕਾਰ ਕਾਨੂੰਨ ਰੱਦ ਕਰਕੇ ਐੱਮਐੱਸਪੀ ਦੀ ਗਾਰੰਟੀ ਦਿੰਦੀ ਹੈ ਤਾਂ ਕਿਸਾਨ ਘਰ ਵਾਪਸ ਜਾਣ ਲਈ ਤਿਆਰ ਹਨ। ਬਜ਼ੁਰਗ ਤਾਰਾ ਗਾਂਧੀ ਭੱਟਾਚਾਰੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਅਤੇ ਉਹ ਇਥੇ ਉਨ੍ਹਾਂ ਲਈ ਅਰਦਾਸ ਕਰਨ ਆਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਰਾਜਨੀਤਕ ਪਾਰਟੀ ਲਈ ਨਹੀਂ ਆਏ ਹਨ। ਤਾਰਾ ਗਾਂਧੀ ਨੇ ਕਿਹਾ ਕਿ ਇਹ ਕ੍ਰਾਂਤੀ ਦੀ ਧਰਤੀ ਹੈ। ਦੇਸ਼ ਦੀ ਆਜ਼ਾਦੀ ਲਈ ਪਹਿਲੀ ਕ੍ਰਾਂਤੀ ਮੇਰਠ ਤੋਂ ਹੀ 1857 ਵਿਚ ਹੋਈ ਸੀ। ਬਾਪੂ ਦੀ ਪੋਤੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਿਸਾਨ ਲਹਿਰ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਭ ਹੀ ਲਾਭ ਹੋਣੇ ਚਾਹੀਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੀ ਦੇਖਭਾਲ ਕਰੇ। ਕਿਸਾਨ ਨੇਤਾਵਾਂ ਰਾਕੇਸ਼ ਟਿਕੈਤ, ਡਾ. ਦਰਸ਼ਨਪਾਲ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਾਂਗ ਯੂਪੀ ਵਿੱਚ ਵੀ ਟੌਲ ਪਲਾਜ਼ੇ ਮੁਕਤ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਯੂਪੀ ਅਤੇ ਉੱਤਰਾਖੰਡ ਦੇ ਕਿਸਾਨ ਵੀ ਰੇਲਾਂ ਰੋਕਣਗੇ। 6 ਫਰਵਰੀ ਨੂੰ ਹੋਏ ਚੱਕਾ ਜਾਮ ’ਚੋਂ ਯੂਪੀ ਅਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਬਾਹਰ ਰੱਖਣ ਬਾਰੇ ਉਨ੍ਹਾਂ ਕਿਹਾ ਕਿ ਯੂਪੀ ਦੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਭਾਜਪਾ ਅਤੇ ਆਰਐੱਸਐੱਸ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਇਸ ਲਈ ਦੋਵਾਂ ਰਾਜਾਂ ਵਿਚ ਜਾਮ ਨਹੀਂ ਲਗਾਇਆ ਗਿਆ ਸੀ। ਉਨ੍ਹਾਂ ਬ੍ਰਿਟਿਸ਼ ਸੰਸਦ ’ਚ ਕਿਸਾਨ ਅੰਦੋਲਨ ਬਾਰੇ ਹੋਏ ਵਿਚਾਰ-ਵਟਾਂਦਰੇ ਦਾ ਵੀ ਜ਼ਿਕਰ ਕੀਤਾ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਵੱਡੇ ਕਾਰਪੋਰੇਟ ਕਿਸਾਨਾਂ ਤੋਂ ਅਨਾਜ ਘੱਟ ਭਾਅ ’ਤੇ ਖ਼ਰੀਦਣਗੇ ਅਤੇ ਆਪਣੇ ਗੋਦਾਮਾਂ ’ਚ ਭਰ ਕੇ ਮਹਿੰਗੇ ਭਾਅ ’ਤੇ ਵੇਚਣਗੇ।