ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 20 ਜੂਨ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਸਬੰਧੀ 100 ਵਿਸ਼ੇਸ਼ ਭਾਸ਼ਣਾਂ ਦੀ ਸ਼ੁਰੂ ਕੀਤੀ ਲੜੀ ਦਾ ਦੂਜਾ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਉਪ ਕੁਲਪਤੀ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਵਿਸ਼ਵ ਧਰਮ ਗ੍ਰੰਥਾਂ ਦੀ ਲੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਨੂੰ ਉਜਾਗਰ ਕਰਨ ਲਈ ਉਲੀਕੇ ਗਏ ਇਹ ਵਿਸ਼ੇਸ਼ ਭਾਸ਼ਣ ਆਪਣੇ ਆਪ ਵਿੱਚ ਇੱਕ ਵਿਲੱਖਣ ਉਪਰਾਲਾ ਸਾਬਤ ਹੋਣਗੇ। ਵਿਦਵਾਨ ਵਕਤਾ ਪ੍ਰੋਫੈਸਰ ਸਰਬਜਿੰਦਰ ਸਿੰਘ, ਡੀਨ ਫੈਕਲਟੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਸਾਹਿਬ ਵੱਲੋਂ ਆਪਣੇ ਹੱਥੀਂ ਕੀਤਾ ਸੰਕਲਨ ਇਸ ਨੂੰ ਵਿਸ਼ਵ ਧਰਮ ਗ੍ਰੰਥਾਂ ਵਿਚ ਵਿਲੱਖਣ ਥਾਂ ਦਿੰਦਾ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਭਾਸ਼ਣ ਲੜੀ ਸ਼ੁਰੂ ਕਰਨ ਲਈ ਧਰਮ ਅਧਿਐਨ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਮਹਿਮਾਨਾਂ ਅਤੇ ਸਰੋਤਿਆ ਦਾ ਧੰਨਵਾਦ ਕੀਤਾ। ਇਸ ਮੌਕੇ ਰਜਿਸਟਰਾਰ ਪ੍ਰੋਫੈਸਰ ਤੇਜਬੀਰ ਸਿੰਘ, ਲਾਇਬਰੇਰੀਅਨ ਡਾ. ਕਰਮ ਸਿੰਘ, ਜੂਲੋਜੀ ਵਿਭਾਗ ਮੁਖੀ ਡਾ. ਚਰਨ ਕਮਲ ਸੇਖੋਂ ਅਤੇ ਸੰਗੀਤ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।