ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਮੀਤ ਪ੍ਰਧਾਨ ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਅਕਾਦਮਿਕ ਮਸਲਿਆਂ ਨੂੰ ਖੁੱਲ੍ਹੇ ਮਨ ਨਾਲ ਸੰਵਾਦ ਰਚਾ ਕੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ’ਵਰਸਿਟੀ ਦੇ ਵਿਭਾਗਾਂ ਦੇ ਰਲੇਵੇਂ ਬਾਰੇ ਵਾਈਸ ਚਾਂਸਲਰ ਦੇ ਮੀਡੀਆ ਵਿੱਚ ਬਿਆਨ ਵੱਖੋ-ਵੱਖਰੇ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅਪਲਾਈਡ ਸਾਇੰਸ ਵਿਭਾਗ ਦੇ ਵੱਖ ਵੱਖ ਵਿਸ਼ਿਆਂ ਨੂੰ ਮੂਲ ਵਿਭਾਗਾਂ ਵਿਚ ਇਸ ਲਈ ਤਬਦੀਲ ਕੀਤਾ ਹੈ ਕਿ ਅਪਲਾਈਡ ਸਾਇੰਸ ਵਿਭਾਗ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਥੋੜ੍ਹੀ ਸੀ ਅਤੇ ਅਧਿਆਪਕਾਂ ਦੀ ਊਰਜਾ ਅਜਾਈਂ ਜਾ ਰਹੀ ਸੀ। ਇਸ ਸਬੰਧੀ ਵਧੇਰੇ ਤਿੱਖੇ ਪ੍ਰਤੀਕਰਮ ਇਤਿਹਾਸ ਵਿਭਾਗ ਅਤੇ ਪੰਜਾਬ ਇਤਿਹਾਸ ਵਿਭਾਗ ਨਾਲ ਸਬੰਧਤ ਸਾਹਮਣੇ ਆ ਰਹੇ ਹਨ। ਸਭਾ ਦੇ ਆਗੂਆਂ ਨੇ ਕਿਹਾ ਕਿ ਇਤਿਹਾਸ ਅਧਿਐਨ ਵਿਭਾਗ ਦੇ ਅਧਿਆਪਕਾਂ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਇਸ ਨਾਲ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਖੋਜਾਂ ਮੱਧਮ ਪੈਣਾ ਦਾ ਖ਼ਦਸ਼ਾ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੌਜੂਦਾ ਅਕਾਦਮਿਕ ਢਾਂਚੇ ਵਿਚ ਕੋਈ ਤਬਦੀਲੀ ਸਬੰਧਤ ਵਿਭਾਗਾਂ, ਪੂਟਾ ਤੇ ਪੰਜਾਬ ਦੇ ਵਿਦਿਅਕ ਮਾਹਿਰਾਂ ਦੀ ਰਾਏ ਬਿਨਾਂ ਨਾ ਕੀਤਾ ਜਾਵੇ।