ਪੱਤਰ ਪ੍ਰੇਰਕ
ਪਟਿਆਲਾ, 14 ਜੁਲਾਈ
ਪੰਜਾਬ ਵਿੱਚ ਝੋਨੇ ਦੇ ਚੱਲ ਰਹੇ ਸੀਜ਼ਨ ਅਤੇ ਅਤਿ ਦੀ ਗਰਮੀ ਕਾਰਨ ਅੱਜ ਬਿਜਲੀ ਦੀ ਮੰਗ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਾਵਰਕੌਮ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਅੱਜ ਬਿਜਲੀ ਦੀ ਮੰਗ 15,267 ਮੈਗਾਵਾਟ ਰਹੀ ਹੈ, ਜੋ ਪਿਛਲੇ ਸਾਲ ਅੱਜ ਦੇ ਦਿਨ 13,537 ਮੈਗਾਵਾਟ ਸੀ। ਅਧਿਕਾਰੀਆਂ ਨੇ ਕਿਹਾ ਕਿ ਜੇ ਮੀਂਹ ਨਾ ਪਿਆ ਤਾਂ ਮੰਗ 16,000 ਮੈਗਾਵਾਟ ਤੋਂ ਵੀ ਵਧ ਸਕਦੀ ਹੈ। ਮੌਸਮ ਵਿਭਾਗ ਵੱਲੋਂ ਵਾਰ-ਵਾਰ ਮੀਂਹ ਪੈਣ ਦੀ ਕੀਤੀ ਜਾ ਰਹੀ ਭਵਿੱਖਬਾਣੀ ਦੇ ਬਾਵਜੂਦ ਮੀਂਹ ਨਹੀਂ ਪੈ ਰਿਹਾ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਜੁਲਾਈ ਵਿੱਚ 50 ਫ਼ੀਸਦੀ ਬਾਰਸਾਤ ਘੱਟ ਹੋਈ ਹੈ ਜਿਸ ਕਰ ਕੇ ਪਾਵਰਕੌਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੱਧ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਕਾਫ਼ੀ ਘੱਟ ਰਹੀ ਸੀ।