ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੁਲਾਈ
ਮੌਨਸੂਨ ਦੀ ਪਹਿਲੀ ਬਾਰਸ਼ ਨੇ ਸੂਬੇ ਅੰਦਰ ਬਿਜਲੀ ਦੀ ਮੰਗ ਕਾਫ਼ੀ ਘਟਾ ਦਿੱਤੀ ਹੈ। ਇਸ ਨਾਲ ਪਾਵਰਕੌਮ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ। ਪਿਛਲੇ ਹਫ਼ਤੇ ਬਿਜਲੀ ਦੀ ਜਿਹੜੀ ਮੰਗ 15 ਹਜ਼ਾਰ ਮੈਗਾਵਾਟ ਤੱਕ ਅੱਪੜ ਗਈ ਸੀ, ਉਹ ਅੱਜ 8636 ਮੈਗਾਵਾਟ ਤੱਕ ਹੇਠਾਂ ਆ ਗਈ। ਇਸ ਤਰ੍ਹਾਂ ਇਸ ਮੀਂਹ ਨੇ ਕਰੀਬ ਸਾਢੇ ਛੇ ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਘਟਾ ਦਿੱਤੀ।
ਪਾਵਰਕੌਮ ਨੇ ਜਿੱਥੇ ਆਪਣੇ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਉਤਪਾਦਨ ਘਟਾ ਦਿੱਤਾ ਹੈ, ਉਥੇ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਦੀ ਕੀਤੀ ਜਾਂਦੀ ਖਰੀਦੋ-ਫਰੋਖਤ ਵੀ ਘਟਾਈ ਗਈ ਹੈ। ਇਨ੍ਹੀਂ ਦਿਨੀ ਪਾਵਰਕੌਮ ਵੱਲੋਂ ਵਧੇਰੇ ਬਿਜਲੀ ਦੀ ਖਰੀਦ ਕੇਂਦਰੀ ਪੂਲ ਵਿੱਚੋਂ ਹੀ ਲਈ ਜਾ ਰਹੀ ਹੈ, ਕਿਉਂਕਿ ਪ੍ਰਾਈਵੇਟ ਥਰਮਲਾਂ ਦੇ ਮੁਕਾਬਲੇ ਇੱਥੋਂ ਬਿਜਲੀ ਸਸਤੀ ਦਰ ’ਤੇ ਮਿਲ ਰਹੀ ਹੈ। ਐਤਕੀ ਮੌਨਸੂਨ ਸਮੇਂ ਸਿਰ ਆਉਣ ਸਣੇ ਕੁਝ ਹੋਰ ਕਾਰਨਾਂ ਕਰਕੇ ਕੇਂਦਰੀ ਪੂਲ ਵਿਚ ਬਿਜਲੀ ਦੇ ਰੇਟ ਵਧੇਰੇ ਨੀਵੇਂ ਆਏ ਹੋਏ ਹਨ।
ਜਾਣਕਾਰੀ ਅਨੁਸਾਰ ਪਾਵਰਕੌਮ ਕੇਂਦਰੀ ਪੂਲ ਵਿੱਚੋਂ 10550 ਮੈਗਵਾਟ ਬਿਜਲੀ ਖਰੀਦਣ ਦੀ ਸਮਰੱਥਾ ਰੱਖਦਾ ਹੈ ਪਰ ਅਜੇ ਕਰੀਬ 9500 ਮੈਗਾਵਾਟ ਬਿਜਲੀ ਹੀ ਖਰੀਦੀ ਜਾ ਰਹੀ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਇਸ ਬਿਜਲੀ ਦੀ ਮੰਗ ਘਟਣ ਦੀ ਸੂਰਤ ਵਿਚ ਪਾਵਰਕੌਮ ਵੱਲੋਂ ਬੈਂਕਿੰਗ ਪ੍ਰਣਾਲੀ ਤਹਿਤ ਹੋਰਨਾਂ ਅਦਾਰਿਆਂ ਨੂੰ ਵੀ ਬਿਜਲੀ ਦਿੱਤੀ ਜਾਂਦੀ ਹੈ, ਤਾਂ ਜੋ ਮੰਗ ਵਧਣ ’ਤੇ ਵਾਪਸ ਲੈ ਕੇ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸੇ ਦੌਰਾਨ ਐਤਕੀ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਕਿਸਾਨਾਂ ਲਈ ਬਿਜਲੀ ਦੀ ਸਮੱਸਿਆ ਘਟੀ ਹੋਈ ਹੈ, ਪਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਹੋਰ ਖਿੜ ਗਏ ਹਨ।
ਬਣਾਂਵਾਲਾ ਤਾਪਘਰ ਦਾ ਇੱਕ ਯੂਨਿਟ ਹੋਰ ਮਘਿਆ
ਮਾਨਸਾ (ਪੱਤਰ ਪ੍ਰੇਰਕ): ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਇੱਕ ਯੂਨਿਟ ਚਾਲੂ ਹੋਣ ਬਾਅਦ ਅੱਜ ਦੂਜਾ ਯੂਨਿਟ ਲਾਈਟ ਅੱਪ ਹੋਣ ਦਾ ਤਾਪਘਰ ਦੇ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ। ਪ੍ਰਬੰਧਕੀ ਟੀਮ ਦਾ ਕਹਿਣਾ ਹੈ ਕਿ ਅੱਧੀ ਰਾਤ ਤੋਂ ਬਾਅਦ ਇਸ ਯੂਨਿਟ ਵੱਲੋਂ ਬਿਜਲੀ ਉਤਪਾਦਨ ਆਰੰਭ ਹੋ ਜਾਵੇਗਾ, ਜਦੋਂਕਿ ਰਹਿੰਦਾ ਇੱਕ ਯੂਨਿਟ ਭਲਕੇ ਦੁਪਹਿਰ ਤੱਕ ਚਾਲੂ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬਣਾਂਵਾਲਾ ਤਾਪਘਰ ਦੇ ਸਾਰੇ ਤਿੰਨੋ ਯੂਨਿਟਾਂ ਨੂੰ ਕੋਈ ਤਕਨੀਕੀ ਨੁਕਸ ਆ ਜਾਣ ਕਾਰਨ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਤਾਪਘਰ ਵਿੱਚ ਕੱਲ੍ਹ ਦੇਰ ਸ਼ਾਮ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਲਦੇਵ ਸਿੰਘ ਸਰਾ ਵੱਲੋਂ ਦੌਰਾ ਕੀਤਾ ਗਿਆ ਸੀ। ਬਣਾਂਵਾਲਾ ਤਾਪ ਘਰ ਦੇ ਬੁਲਾਰੇ ਨੇ ਦੱਸਿਆ ਕਿ ਯੂਨਿਟ ਨੰਬਰ ਇੱਕ ਲਾਈਟ ਅੱਪ ਹੋ ਗਿਆ ਹੈ, ਜਿਸ ਵੱਲੋਂ ਅੱਧੀ ਰਾਤ ਤੋਂ ਉੱਤਰੀ ਗਰਿੱਡ ਨੂੰ ਬਿਜਲੀ ਸਪਲਾਈ ਕਰਨ ਦੀ ਉਮੀਦ ਪੈਦਾ ਹੋ ਗਈ ਹੈ।