ਰਵੇਲ ਸਿੰਘ ਭਿੰਡਰ
ਪਟਿਆਲਾ, 26 ਜੁਲਾਈ
ਸੂਬੇ ਅੰਦਰ ਭਾਰੀ ਬਰਸਾਤਾਂ ਮਗਰੋਂ ਕਈ ਖੇਤਰਾਂ ਵਿੱਚ ਬਿਜਲੀ ਦੀ ਮੰਗ ’ਚ ਮੁੜ ਵਾਧਾ ਹੋਣ ਲੱਗਾ ਹੈ। ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ ਤਵਾਜ਼ਨ ਵਿਗੜਨ ਨਾਲ ਕਈ ਇਲਾਕਿਆਂ ਅੰਦਰ ਅਣਐਲਾਨੇ ਬਿਜਲੀ ਕੱਟਾਂ ਦੀ ਵੀ ਦਸਤਕ ਹੋਣ ਲੱਗੀ ਹੈ।
ਪਾਵਰਕੌਮ ਵੱਲੋਂ ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਥਰਮਲਾਂ ਦੀਆਂ ਬੰਦ ਯੂਨਿਟਾਂ ਨੂੰ ਪੜਾਅ ਵਾਰ ਭਖਾਇਆ ਜਾ ਰਿਹਾ ਹੈ। ਇਸ ਵੇਲੇ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਇੱਕ ਯੂਨਿਟ ਹੀ ਬੰਦ ਹੈ, ਜਦੋਂ ਕਿ ਬਾਕੀ ਪਾਵਰਕੌਮ ਦੇ ਆਪਣੇ ਦੋਵੇਂ ਲਹਿਰਾ ਮੁਹੱਬਤ ਤੇ ਰੋਪੜ ਤੋਂ ਇਲਾਵਾ ਤਿੰਨੋਂ ਥਰਮਲ ਗੋਇੰਦਵਾਲ ਸਾਹਿਬ, ਰਾਜਪੁਰਾ ਤੇ ਤਲਵੰਡੀ ਸਾਬੋ ਦੀਆਂ ਸਾਰੀਆਂ ਯੂਨਿਟਾਂ ਪੂਰੇ ਲੋਡ ’ਤੇ ਕਾਰਜਸ਼ੀਲ ਹਨ। ਗਰਮੀ ਕਾਰਨ ਜਿੱਥੇ ਘਰੇਲੂ ਬਿਜਲੀ ਦੀ ਮੰਗ ਵਧੀ ਹੈ ਉਥੇ ਹੀ ਮੀਂਹ ਕਾਰਨ ਕਈ ਥਾਈਂ ਕਿਸਾਨਾਂ ਵੱਲੋਂ ਖੇਤੀ ਟਿਊਬਵੈੱਲ ਬੰਦੇ ਰੱਖੇ ਜਾ ਰਹੇ ਹਨ, ਪਰ ਫਿਰ ਵੀ ਟਿੱਬੇ ਵਾਲੀਆਂ ਅਤੇ ਭਾਰੀਆਂ ਜ਼ਮੀਨਾਂ ਦੇ ਝੋਨੇ ਨੂੰ ਪਾਣੀ ਦੀ ਕਾਫ਼ੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਧਨੇਠਾ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਖੇਤੀ ਸਪਲਾਈ ਵਿੱਚ ਡੇਢ ਘੰਟਾ ਕਰੀਬ ਕੱਟ ਲੱਗ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲੇਬਰ ਦੀ ਘਾਟ ਕਾਰਨ ਦੇਰੀ ਨਾਲ ਲੱਗ ਰਹੇ ਝੋਨੇ ਲਈ ਬਿਜਲੀ ਦੀ ਹਾਲੇ ਵੀ ਲੋੜ ਹੈ। ਭਾਵੇਂ ਸੂਬੇ ਦੇ ਕਈ ਖਿੱਤਿਆਂ ਵਿੱਚ ਅੱਜ ਦਿਨ ਵੇਲੇ ਹਲਕਾ ਮੀਂਹ ਪਿਆ, ਪਰ ਇਸ ਦੇ ਬਾਵਜੂਦ ਬਿਜਲੀ ਦੀ ਮੰਗ ਅੱਜ 11 ਹਜ਼ਾਰ ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ।
ਪਾਵਰਕੌਮ ਦੇ ਮੁੱਖ ਦਫ਼ਤਰ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਕੇਂਦਰੀ ਪੂਲ ਤੇ ਹੋਰ ਬਾਹਰੀ ਵਸੀਲਿਆਂ ਤੋਂ 62 ਸੌ ਮੈਗਾਵਾਟ ਤੋਂ ਵੱਧ ਬਿਜਲੀ ਦੀ ਖਰੀਦ ਕੀਤੀ ਗਈ ਹੈ, ਜਦੋਂ ਕਿ 4,750 ਮੈਗਾਵਾਟ ਦੀ ਦਰ ਨਾਲ ਆਪਣੀ ਬਿਜਲੀ ਦੀ ਪੈਦਾਵਾਰ ਰਹੀ। ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਦਾਰੇ ਕੋਲ ਬਿਜਲੀ ਵਾਧੂ ਹੈ, ਅਜਿਹੀ ਸਥਿਤੀ ਵਿੱਚ ਪਾਵਰ ਕੱਟ ਨਹੀਂ ਲੱਗ ਰਹੇ, ਜੇਕਰ ਕਿਤੇ ਕੋਈ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤਾਂ ਉਥੇ ਕਿਸੇ ਤਕਨੀਕੀ ਨੁਕਸ ਦੀ ਵਜ੍ਹਾ ਹੋ ਸਕਦੀ ਹੈ।