ਪੱਤਰ ਪ੍ਰੇਰਕ
ਬਠਿੰਡਾ, 10 ਅਗਸਤ
ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ’ਤੇ ਚੁੱਕੇ ਜਾ ਰਹੇ ਸਵਾਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਹਲਕਾ ਮੌੜ ਦੀ ਸਮੁੱਚੀ ਲੀਡਰਸ਼ਿਪ ਨੇ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਹਲਕਾ ਮੌੜ ਦੇ ਸਰਕਲ ਪ੍ਰਧਾਨ, ਯੂਥ ਪ੍ਰਧਾਨ, ਸਾਬਕਾ ਚੇਅਰਮੈਨ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਸਾਬਕਾ ਸਰਪੰਚਾਂ ਅਤੇ ਸੀਨੀਅਰ ਆਗੂਆਂ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਤੇ ਬਠਿੰਡਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ’ਚ ਉਨ੍ਹਾਂ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ। ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਕੁਲਦੀਪ ਸਿੰਘ ਬੁਰਜ, ਸਾਬਕਾ ਚੇਅਰਮੈਨ ਰਾਜਦੀਪ ਸਿੰਘ ਚਾਉਕੇ ਤੇ ਗੁਰਪ੍ਰੀਤ ਸਿੰਘ ਪੀਰਕੋਟ ਸਣੇ ਹੋਰ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਸੀ, ਪਰ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਵਿਚ ਵਿਚਾਰਾਂ ਦਾ ਟਕਰਾਅ ਕੋਈ ਵੱਡੀ ਗੱਲ ਨਹੀਂ ਪਰ ਆਗੂਆਂ ਨੂੰ ਆਪਣੇ ਵਿਚਾਰ ਪਾਰਟੀ ਮੰਚ ’ਤੇ ਰੱਖਣੇ ਚਾਹੀਦੇ ਹਨ। ਜਗਮੀਤ ਬਰਾੜ ਨੂੰ ਵੀ ਆਪਣੀ ਗੱਲ ਪਾਰਟੀ ਮੰਚ ’ਤੇ ਹੀ ਰੱਖਣੀ ਚਾਹੀਦੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਲਕਾ ਮੌੜ ਦੀ ਜਥੇਬੰਦੀ ਦੀਆਂ ਭਾਵਨਾਵਾਂ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾ ਦਿੱਤਾ ਜਾਵੇਗਾ, ਕਿਉਂਕਿ ਜਗਮੀਤ ਬਰਾੜ ਬਾਰੇ ਅੰਤਿਮ ਫੈਸਲਾ ਹਾਈ ਕਮਾਨ ਹੀ ਲੈ ਸਕਦੀ ਹੈ।