ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਸਤੰਬਰ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ। ਇਸ ਮੌਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਨੂੰ ਰੇਲਵੇ ਪਾਸ ਬਣਾਉਣ ਵਿੱਚ ਕਿਰਾਏ ਤੋਂ ਦਿੱਤੀ ਜਾਂਦੀ 50 ਫ਼ੀਸਦ ਛੋਟ ਬਹਾਲ ਕੀਤੀ ਜਾਵੇ। ਬਲਬੀਰ ਸਿੰਘ ਜੰਡੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਦੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਮੁੜ ਜਨਰਲ ਸਕੱਤਰ ਬਣਨ ’ਤੇ ਵਰਕਿੰਗ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਪਹਿਲਾਂ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਫਿਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਿਆਨ ਵਿੱਚ ਮੰਗਾਂ ਲਿਆਂਦੀਆਂ ਜਾਣਗੀਆਂ। ਬਲਬੀਰ ਸਿੰਘ ਜੰਡੂ ਨੇ ਕਿਹਾ ਕਿ ਪੰਜਾਬ ਵਿੱਚ ਟੌਲ ਪਲਾਜ਼ਿਆਂ ’ਤੇ ਅਜੇ ਵੀ ਪੱਤਰਕਾਰ ਭਾਈਚਾਰੇ ਨੂੰ ਸਮੱਸਿਆਵਾਂ ਆ ਰਹੀਆਂ ਹਨ ਤੇ ਇਸ ਦੇ ਹੱਲ ਲਈ ਜਲਦੀ ਹੀ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਕਰੀਡੇਟਿਡ ਪੱਤਰਕਾਰਾਂ ਨੂੰ ਪੈਨਸ਼ਨ ਤਾਂ ਮਿਲਦੀ ਹੈ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਪੈਨਸ਼ਨ ਦਾ ਦਾਇਰਾ ਵਧਾ ਕੇ 60 ਸਾਲ ਤੋਂ ਬਾਅਦ ਪੱਤਰਕਾਰਾਂ ਨੂੰ ਪੈਨਸ਼ਨ ਲਗਾਈ ਜਾਵੇ। ਸਰਕਾਰੀ ਰਿਹਾਇਸ਼ਾਂ ਤੇ ਸਰਕਾਰੀ ਸਕੀਮਾਂ ਵਿੱਚ ਕੱਟੇ ਜਾਂਦੇ ਪਲਾਟਾਂ ਵਿੱਚ ਵੀ ਪੱਤਰਕਾਰਾਂ ਦਾ ਕੋਟਾ ਨਿਰਧਾਰਤ ਕੀਤਾ ਜਾਵੇ। ਇਸ ਮੌਕੇ ਸਕੱਤਰ ਜਨਰਲ ਪਾਲ ਸਿੰਘ ਨੌਲੀ, ਬਲਵਿੰਦਰ ਸਿਪਰੇ, ਰਾਜਨ ਮਾਨ, ਦਵਿੰਦਰ ਭੰਗੂ, ਬਲਵਿੰਦਰ ਭੰਗੂ, ਹਰਮੇਸ਼ ਵਿਰਦੀ, ਜਤਿੰਦਰ ਪੰਮੀ, ਹਤਿੰਦਰ ਮਹਿਤਾ, ਐੱਨਪੀ ਧਵਨ ਆਦਿ ਹਾਜ਼ਰ ਸਨ।