ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਸ਼ਹੀਦ ਭਾਈ ਜੈਤਾ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ, ਫੇਜ਼ ਤਿੰਨ-ਏ ਮੁਹਾਲੀ ਵਿੱਚ ਦਸਹਿਰੇ ਮੌਕੇ ਕਮੇਟੀ ਦੀ ਕਾਰਜਕਾਰਨੀ ਤੇ ਬੁੱਧੀਜੀਵੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ‘ਗੁਰੂ ਰਵਿਦਾਸ ਚੇਅਰ’ ਸਥਾਪਿਤ ਕਰਨ ਵਾਲੇ ਐਲਾਨ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸੇ ਤਰਜ਼ ’ਤੇ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਭਾਈ ਜੈਤਾ ਜੀ ਚੇਅਰ ਸਥਾਪਿਤ ਕਰਨ ਦਾ ਐਲਾਨ ਕਰਨ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਵੀ ਐਲਾਨ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਹਰ ਧਰਮ ਅਤੇ ਵਰਗ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਸ ਸਾਲ ਅਕਾਲੀ ਸਰਕਾਰ ਰਹੀ। ਇਸ ਸਮੇਂ ਦੌਰਾਨ ਕਈ ਯਾਦਗਾਰਾਂ ਬਣਾਈਆਂ ਗਈਆਂ ਪਰ ਭਾਈ ਜੈਤਾ ਜੀ ਦੀ ਯਾਦਗਾਰ ਨਾ ਬਣਾ ਕੇ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਜਦੋਂਕਿ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ‘ਰੰਗਰੇਟਾ ਗੁਰੂ ਕਾ ਬੇਟਾ’ ਕਿਹਾ ਸੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ ਤਾਂ ਕਿ ਨਿੱਜੀ ਤੌਰ ’ਤੇ ਮਿਲ ਕੇ ਸਮੱਸਿਆਵਾਂ ਦੱਸੀਆਂ ਜਾਣ। ਇਹ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉਪ ਪ੍ਰਧਾਨ ਇੰਜਨੀਅਰ ਸੁਖਦੇਵ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ, ਸਾਬਕਾ ਪ੍ਰਧਾਨ ਐਡਵੋਕੇਟ ਈਸ਼ਰ ਸਿੰਘ, ਐਡਵੋਕੇਟ ਸਰਵਣ ਸਿੰਘ ਸਾਬਰ, ਐਡਵੋਕੇਟ ਬੇਅੰਤ ਸਿੰਘ ਸਾਬਕਾ ਜ਼ਿਲ੍ਹਾ ਮੰਡੀ ਅਫ਼ਸਰ, ਐਡਵੋਕੇਟ ਜਸਪਾਲ ਸਿੰਘ, ਮੁੱਖ ਪ੍ਰਬੰਧਕ ਸੁਰਿੰਦਰ ਸਿੰਘ, ਸਾਬਕਾ ਈਟੀਓ ਨਿਰਮਲ ਸਿੰਘ, ਸਾਬਕਾ ਇੰਸਪੈਕਟਰ ਨਾਨਕ ਸਿੰਘ, ਸਾਬਕਾ ਸਬ ਇੰਸਪੈਕਟਰ ਸ਼ਾਦੀ ਲਾਲ ਭੱਟੀ, ਇੰਜ. ਮਹਿੰਦਰ ਸਿੰਘ, ਇੰਜ. ਦਲੀਪ ਸਿੰਘ ਅਤੇ ਇੰਜ. ਅਮਰੀਕ ਸਿੰਘ ਹਾਜ਼ਰ ਸਨ।