ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜੁਲਾਈ
ਇਨਕਲਾਬੀ ਪੰਜਾਬੀ ਨਾਟਕਕਾਰ ਤੇ ਚਿੰਤਕ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਅੰਮ੍ਰਿਤਸਰ ਵਿਚਲੇ ਜੱਦੀ ਘਰ ਨੂੰ ਸੱਭਿਆਚਾਰਕ ਵਿਰਾਸਤ ਦਾ ਦਰਜਾ ਦੇਣ ਦੀ ਮੰਗ ਲਈ ਅੱਜ ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਦੇ ਸੱਦੇ ’ਤੇ ਰੰਗਮੰਚ ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ, ਕਿਸਾਨ, ਜਮਹੂੁਰੀ ਤੇ ਜਨਤਕ ਅਤੇ ਤਰਕਸ਼ੀਲ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਰਣਜੀਤਪੁਰਾ ਸਥਿਤ ਮਰਹੂਮ ਨਾਟਕਕਾਰ ਦੇ ਜੱਦੀ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਨਾਟਕਕਾਰ ਦੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦਿੱਤਾ ਜਾਵੇ।
ਕਮੇਟੀ ਦੇ ਕਨਵੀਨਰ ਡਾ. ਪਰਮਿੰਦਰ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਪੂੁਰੀ ਜ਼ਿੰਦਗੀ ਨਾਟਕ ਕਲਾ ਤੇ ਹੋਰ ਇਨਕਲਾਬੀ ਲਿਖਤਾਂ ਰਾਹੀਂ ਨਰੋਆ ਤੇ ਲੋਕ-ਪੱਖੀ ਸੱਭਿਆਚਾਰ ਤੇ ਸਮਾਜ ਸਿਰਜਣ ਦੇ ਲੇਖੇ ਲਾਈ। ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਲੋਕ ਨਾਟਕਕਾਰ ਦੇ ਜੱਦੀ ਘਰ ਨੂੰ ਢਾਹੁਣਾ ਚਾਹੁੰਦੇ ਹਨ। ਇਸ ਖ਼ਿਲਾਫ਼ ਰੰਗਕਰਮੀਆਂ, ਲੇਖਕਾਂ ਤੇ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਭਾਅ ਜੀ ਨੇ ਪੰਜ ਦਹਾਕੇ ਇਸ ਜੱਦੀ ਘਰ, ਗੁਰੂ ਖ਼ਾਲਸਾ ਨਿਵਾਸ ਵਿੱਚ ਲੋਕ-ਪੱਖੀ ਰੰਗਮੰਚ ਦੇ ਲੇਖੇ ਲਾਏ ਹਨ। ਇਹ ਘਰ ਰੰਗਮੰਚ ਦੀ ਅਮੁੱਲੀ ਧਰੋਹਰ ਹੈ। ਇਸ ਮੌਕੇ ਡਾ. ਕੁਲਬੀਰ ਸਿੰਘ ਸੂਰੀ, ਜਤਿੰਦਰ ਬਰਾੜ, ਕਾਮਰੇਡ ਰਤਨ ਸਿੰਘ ਰੰਧਾਵਾ, ਡਾ. ਇੰਦਰਜੀਤ ਸਿੰਘ ਗੋਗੋਆਣੀ ਆਦਿ ਨੇ ਕਿਹਾ ਮਹਾਨ ਲੇਖਕਾਂ ਤੇ ਕਲਾਕਾਰਾਂ ਦੇ ਜੱਦੀ ਘਰਾਂ ਨੂੰ ਸੰਭਾਲਣਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਇਸ ਮੌਕੇ ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਅਮੋਲਕ ਸਿੰਘ ਨੇ ਕਿਹਾ ਕਿ ਮਰਹੂਮ ਨਾਟਕਕਾਰ ਦੇ ਜੱਦੀ ਘਰ ਨੂੰ ਯਾਦਗਾਰੀ ਮਿਊਜ਼ੀਅਮ ਬਣਾਇਆ ਜਾਵੇ।