ਸੰਤੋਖ ਗਿੱਲ
ਰਾਏਕੋਟ, 2 ਅਗਸਤ
ਪੰਜਾਬ ਵਿਚ ਆਵਾਰਾ ਪਸ਼ੂਆਂ ਵੱਲੋਂ ਫ਼ਸਲਾਂ ਦਾ ਉਜਾੜਾ ਰੋਕਣ ਅਤੇ ਨਿੱਤ ਦਿਨ ਵਾਪਰਦੇ ਸੜਕ ਹਾਦਸਿਆਂ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਸਰਕਾਰ ਤੋਂ ਮੀਟ ਪਲਾਂਟ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਇਹ ਫ਼ੈਸਲਾ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਦੱਸਿਆ ਕਿ ਦੇਸੀ ਗਊਆਂ ਨੂੰ ਗਊਸ਼ਾਲਾਵਾਂ ਵਿੱਚ ਸੰਭਾਲਿਆ ਜਾ ਸਕਦਾ ਹੈ ਪਰ ਵਿਦੇਸ਼ੀ ਪਸ਼ੂਆਂ ਨੂੰ ਮੀਟ ਪਲਾਂਟਾਂ ਵਿਚ ਭੇਜ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ। ਪੰਜਾਬ ਕਿਸਾਨ ਯੂਨੀਅਨ ਨੇ ਸਰਬਸੰਮਤੀ ਨਾਲ ਪਾਸ ਇਕ ਮਤੇ ਰਾਹੀਂ ਮੰਗ ਕੀਤੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਨਹਿਰੀ ਪ੍ਰਣਾਲੀ ਬਹਾਲ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਰਾਜਸਥਾਨ ਨੂੰ ਜਾ ਰਹੇ ਪਾਣੀ ਦੀ ਰਾਇਲਟੀ ਵਸੂਲੀ ਜਾਵੇ, ਜਿਹੜੀ ਕਰੀਬ 34 ਲੱਖ ਕਰੋੜ ਰੁਪਏ ਬਣਦੀ ਹੈ।
ਜਥੇਬੰਦੀ ਨੇ ਰਾਜਨੀਤਕ ਆਗੂਆਂ ਅਤੇ ਅਫ਼ਸਰਸ਼ਾਹੀ ਵੱਲੋਂ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਉੱਪਰ ਕੀਤੇ ਨਾਜਾਇਜ਼ ਕਬਜ਼ੇ ਖ਼ਤਮ ਕਰਨ, ਪਰ ਆਬਾਦਕਾਰ ਛੋਟੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਵਿਚ ਲਾਏ ਜਾਣ ਵਾਲੇ ਧਰਨੇ ਵਿੱਚ ਪੰਜਾਬ ਤੋਂ ਵੱਡਾ ਕਾਫ਼ਲਾ ਸ਼ਾਮਲ ਹੋਵੇਗਾ। ਕਿਸਾਨ ਮਹਾਸਭਾ ਦੇ ਕੇਂਦਰੀ ਆਗੂ ਪ੍ਰਸ਼ੋਤਮ ਸ਼ਰਮਾ (ਉਤਰਾਖੰਡ) ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਿਸਾਨ ਆਗੂ ਡਾ. ਚਰਨ ਸਿੰਘ ਰਾਏਕੋਟ, ਬੂਟਾ ਸਿੰਘ ਚਕਰ ਆਦਿ ਵੀ ਹਾਜ਼ਰ ਸਨ।