ਜਗਮੋਹਨ ਸਿੰਘ
ਘਨੌਲੀ, 6 ਨਵੰਬਰ
ਇਥੇ ਨੈਸ਼ਨਲ ਹਾਈਵੇਅ ’ਤੇ ਪਿੰਡ ਸਿੰਘਪੁਰਾ ਵਿੱਚ ਢਾਬਾ ਮਾਲਕ ਨੂੰ ਆਪਣੇ ਢਾਬੇ ਵਿੱਚ ਫਾਇਨਾਂਸਰਾਂ ਨੂੰ ਬਿਠਾਉਣਾ ਉਸ ਸਮੇਂ ਭਾਰੀ ਪੈ ਗਿਆ ਜਦੋਂ ਫਾਇਨਾਂਸਰਾਂ ਤੋਂ ਦੁਖੀ ਹੋਏ ਇਕ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਢਾਬੇ ’ਤੇ ਹਮਲਾ ਕਰ ਦਿੱਤਾ ਅਤੇ ਢਾਬੇ ਦੇ ਸ਼ੀਸ਼ੇ ਤੋੜ ਦਿੱਤੇ। ਫਾਇਨਾਂਸਰਾਂ ਨੇ ਊਸ ਦਾ ਮੋਟਰਸਾਈਕਲ ਖੋਹ ਲਿਆ ਸੀ ਕਿਊਂਕਿ ਊਸ ਨੇ ਮੋਟਰਸਾਈਕਲ ਦੀਆਂ ਕਿਸ਼ਤਾਂ ਨਹੀਂ ਭਰੀਆਂ ਸਨ।
ਫਰੈਂਡਜ਼ ਢਾਬਾ ਸਿੰਘਪੁਰਾ ਦੇ ਮਾਲਕ ਪ੍ਰਵੀਨ ਕੁਮਾਰ ਉਰਫ ਸੋਨੂੰ ਨੇ ਅੱਜ ਸਵੇਰੇ ਮੀਡੀਆ ਨੂੰ ਦੱਸਿਆ ਕਿ ਬੀਤੀ ਰਾਤ ਸਾਢੇ ਦਸ ਵਜੇ ਦੇ ਕਰੀਬ ਘਨੌਲੀ ਬੈਰੀਅਰ ਨੇੜੇ ਸਥਿਤ ਇਕ ਦੁਕਾਨ ’ਤੇ ਕੰਮ ਕਰਨ ਵਾਲਾ ਨੌਜਵਾਨ ਆਪਣੇ ਸਾਥੀਆਂ ਸਣੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਢਾਬੇ ’ਤੇ ਪੁੱਜੇ ਅਤੇ ਢਾਬੇ ’ਤੇ ਕੰਮ ਕਰਨ ਵਾਲੇ ਸਟਾਫ ਨੂੰ ਪੁੱਛਿਆ ਕਿ ਸੋਨੂੰ ਕਿੱਥੇ ਹੈ। ਸਟਾਫ ਨੇ ਦੱਸਿਆ ਕਿ ਸੋਨੂੰ ਤਾਂ ਕਿਧਰੇ ਕੰਮ ਗਿਆ ਹੈ ਅਤੇ ਕੁੱਝ ਦੇਰ ਤੱਕ ਆਵੇਗਾ। ਇੰਨਾ ਕਹਿੰਦਿਆਂ ਹੀ ਨੌਜਵਾਨਾਂ ਨੇ ਦਾਤਰਾਂ, ਗੰਡਾਸਿਆਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਢਾਬੇ ਦੇ ਸ਼ੀਸ਼ੇ ਅਤੇ ਸਾਮਾਨ ਤੋੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਢਾਬੇ ’ਤੇ ਬੈਠੇ ਗਾਹਕਾਂ ਅਤੇ ਹੋਰਨਾ ਲੋਕਾਂ ਨੇ ਰੌਲਾ ਪਾਇਆ ਤਾਂ ਹਮਲਾਵਰ ਇਕ ਮੋਟਰਸਾਈਕਲ ਨੂੰ ਢਾਬੇ ’ਤੇ ਛੱਡ ਕੇ ਦੋ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਘਟਨਾ ਸਬੰਧੀ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸਬ-ਇੰਸਪੈਕਟਰ ਰਾਹੁਲ ਸ਼ਰਮਾ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਮਲਾਵਰਾਂ ਦਾ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਛੇਤੀ ਹੀ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ।