ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਕਰੋਨਾਵਾਇਰਸ ਕਰਕੇ ਦੇਸ਼ ਭਰ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਮੀਡੀਆ ਇੰਡਸਟਰੀ ਨੂੰ ਪੇਸ਼ ਆ ਰਹੀ ਮੁਸ਼ਕਿਲਾਂ ਸਬੰਧੀ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀਆਂ ਪੱਤਰਕਾਰ ਜੱਥੇਬੰਦੀਆਂ ਵੱਲੋਂ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਕਾਰੀਆਂ ਨੇ ਕਿਹਾ ਕਿ ਤਾਲਾਬੰਦੀ ਕਰਕੇ ਪੈਦਾ ਹੋਏ ਆਰਥਿਕ ਸੰਕਟ ਦੌਰਾਨ ਮੀਡੀਆ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਇਆ ਹੈ। ਅਖ਼ਬਾਰਾਂ ਤੇ ਰਸਾਲਿਆਂ ਦੇ ਇਸ਼ਤਿਹਾਰ ਬਹੁਤ ਘੱਟ ਗਏ ਹਨ ਅਤੇ ਹਰੇਕ ਮੀਡੀਆ ਇੰਡਸਟਰੀ ਨੂੰ ਰੋਜ਼ਾਨਾ ਲੱਖਾਂ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਮੀਡੀਆ ਅਦਾਰਿਆਂ ਵੱਲੋਂ ਮੁਲਾਜ਼ਮਾਂ ਤੋਂ ਅਸਤੀਫ਼ੇ ਲਏ ਜਾ ਰਹੇ ਹਨ। ਪੱਤਰਕਾਰਾਂ ਨੇ ਮੀਡੀਆ ਇੰਡਸਟਰੀ ਲਈ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਿਆ ਗਿਆ ਜਿਸ ਵਿੱਚ ਮੀਡੀਆ ਜਗਤ ਨਾਲ ਜੁੜੇ ਵਿਅਕਤੀਆਂ ਤੋਂ ਲਏ ਅਸਤੀਫ਼ੇ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮੀਡੀਆ ਇੰਡਸਟਰੀ ਨੂੰ ਵਿਸ਼ੇਸ਼ ਰਾਹਤ ਪੈਕੇਜ, ਅਖ਼ਬਾਰ ਦੇ ਕਾਗਜ਼ ’ਤੇ ਲਗਾਈ ਜਾਂਦੀ ਡਿਊਟੀ ਹਟਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਦ ਟ੍ਰਿਬਿਊਨ ਇੰਪਲਾਈਜ਼ ਯੂਨੀਅਨ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ (ਇੰਡੀਆ), ਇੰਡੀਆ ਜਰਨਲਿਸਟ ਯੂਨੀਅਨ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ, ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਦੇ ਆਗੂ ਹਾਜ਼ਰ ਸਨ।