ਪੱਤਰ ਪ੍ਰੇਰਕ
ਰੂਪਨਗਰ, 17 ਅਗਸਤ
ਅੱਜ ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵੀਰ ਸੈਣੀ ਦੀ ਅਗਵਾਈ ਹੇਠ ਰਣਜੀਤ ਸਿੰਘ ਬਾਗ ਰੂਪਨਗਰ ਵਿਚ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਦਰਸ਼ਨ ਸਿੰਘ ਬੜਵਾ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਲਗਾਤਾਰ ਮੁਲਾਜ਼ਮ ਵਿਰੋਧੀ ਫੈ਼ਸਲੇ ਲੈ ਰਹੀ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਡਰੇਨੇਜ਼ ਵਿਭਾਗ ਅੰਦਰ 8700 ਤੋਂ ਵੱਧ ਪੋਸਟਾਂ ਖ਼ਤਮ ਕਰ ਕੇ ਜਿੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਖੱਜਲ ਖੁਆਰੀ ਵਿੱਚ ਧੱਕ ਦਿੱਤਾ ਹੈ, ਉੱਥੇ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਤੋਂ ਨੌਕਰੀਆਂ ਦਾ ਹੱਕ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜਦੋਂ ਕਾਂਗਰਸ ਸਰਕਾਰ ਬਣੀ ਉਦੋਂ ਹੀ ਕਰਮਚਾਰੀਆਂ ਦੇ ਤਨਖਾਹ-ਕਮਿਸ਼ਨ ਇੱਕ ਹਫ਼ਤੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਤਨਖਾਹ-ਕਮਿਸ਼ਨ ਤਾਂ ਕੀ ਲਾਗੂ ਕਰਨਾ ਸੀ, ਉਲਟ ਕਰਮਚਾਰੀਆਂ ਦਾ ਡੀਏ ਵੀ ਜਾਮ ਕਰ ਦਿੱਤਾ, ਕਰਮਚਾਰੀਆਂ ਦਾ 148 ਮਹੀਨੇ ਦਾ ਡੀਏ ਦਾ ਬਕਾਇਆ ਸਰਕਾਰ ਦੱਬੀ ਬੈਠੀ ਹੈ, ਕਰਮਚਾਰੀਆਂ ਦੀਆਂ ਦੋ ਸਾਲ ਦੀਆਂ ਡੀਏ ਦੀਆਂ ਕਿਸ਼ਤਾਂ ਬਕਾਇਆ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ਼ ਪੰਜਾਬ ਦੇ ਮੁਲਾਜ਼ਮ ਨੂੰ ਮਿਲਦੀਆਂ ਤਨਖ਼ਾਹਾਂ ਤੇ ਭੱਤੇ ਨਜ਼ਰ ਆਉਂਦੇ ਹਨ ਜਦਕਿ ਆਪਣੇ ਬਾਦਲ ਪਰਿਵਾਰ ਨੂੰ ਮਿਲਦੀਆਂ 20 ਤੋਂ ਵੱਧ ਪੈਨਸ਼ਨਾਂ, ਜੈੱਡ ਸੁਰੱਖਿਆ, ਕਰੋੜਾਂ ਦੇ ਮੈਡੀਕਲ ਬਿੱਲ ਨਜ਼ਰ ਨਹੀਂ ਆ ਰਹੇ, ਪੰਜਾਬ ਅੰਦਰ ਕੀਤੀ ਜਾ ਰਹੀ ਰੇਤੇ ਦੀ ਲੁੱਟ, ਨਸ਼ਾ ਮਾਫੀਆ ਨਜ਼ਰ ਨਹੀਂ ਆ ਰਿਹਾ।