ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਪਰੈਲ
ਪਾਬੰਦੀ ਦੇ ਹੁਕਮ ਵਾਪਸ ਲੈ ਕੇ ਪੰਜਾਬ ਸਰਕਾਰ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਵਾਲਿਆਂ ਨੂੰ ਤਾਂ ਖੁਸ਼ ਕਰ ਦਿੱਤਾ ਹੈ ਪਰ ਹੁਣ ਮਿਨੀ ਟੈਂਪੂ ਵਾਲਿਆਂ ਦੀ ਨਾਰਾਜ਼ਗੀ ਸਹੇੜ ਲਈ ਹੈ। ਜੁਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦੇ ਹੁਕਮ ਮੁੜ ਲਾਗੂ ਕਰਵਾਉਣ ਦੀ ਮੰਗ ਸਬੰਧੀ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਵੱਡੀ ਗਿਣਤੀ ਮਿਨੀ ਟੈਂਪੂ ਵਾਲਿਆਂ ਨੇ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਉਨ੍ਹਾਂ ਕਲੋਨੀ ਅੱਗੇ ਸੰਗਰੂਰ-ਪਟਿਆਲਾ ਬਾਈਪਾਸ ਸੜਕ ’ਤੇ ਟੈਂਪੂ ਖੜ੍ਹੇ ਕਰ ਕੇ ਆਵਾਜਾਈ ਵੀ ਠੱਪ ਕੀਤੀ। ਪੰਜਾਬ ਪਿਕਅਪ ਅਤੇ ਮਿਨੀ ਟੈਂਪੂ ਯੂਨੀਅਨ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਦੌਰਾਨ ਯੂਨੀਅਨ ਆਗੂਆਂ ਜਰਨੈਲ ਸਿੰਘ, ਜੱਗਾ ਸਿੰਘ ਬਠਿੰਡਾ, ਗੋਰਾ ਸਿੰਘ, ਜਿਊਣਾ ਖਾਨ, ਸੁਖਦੇਵ ਸਿੰਘ, ਕਾਲਾ ਸਿੰਘ, ਹਸੀ ਖਾਨ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਛੋਟੇ ਟੈਂਪੂ ਚਾਲਕਾਂ ਨੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਲੱਖਾਂ ਰੁਪਏ ਖਰਚ ਕੇ ਪਿਕਅਪ ਗੱਡੀਆਂ ਅਤੇ ਮਿਨੀ ਟੈਂਪੂ ਖਰੀਦੇ ਹਨ। ਉਹ ਟੈਕਸਾਂ ਦੇ ਰੂਪ ਵਿੱਚ ਲੱਖਾਂ ਰੁਪਏ ਸਰਕਾਰ ਕੋਲ ਜਮ੍ਹਾਂ ਕਰਵਾਉਂਦੇ ਹਨ ਜਦੋਂ ਕਿ ਜੁਗਾੜੂ ਮੋਟਰਸਾਈਕਲ ਰੇਹੜੀਆਂ ਵਾਲੇ ਬਿਨਾਂ ਕੋਈ ਟੈਕਸ ਭਰੇ ਅਤੇ ਬਿਨਾਂ ਕੋਈ ਰਜਿਸਟਰੇਸ਼ਨ ਕਰਵਾਏ ਢੋਆ-ਢੋਆਈ ਦਾ ਕੰਮ ਕਰਦੇ ਹਨ।
ਇਨ੍ਹਾਂ ਕੋਲ ਕੋਈ ਪਰਮਿਟ ਜਾਂ ਸਰਕਾਰੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੁਗਾੜੂ ਮੋਟਰਸਾਈਕਲ ਰੇਹੜੀਆਂ ਨਾਲ ਪਿਕਅਪ ਗੱਡੀਆਂ ਅਤੇ ਮਿਨੀ ਟੈਂਪੂ ਵਾਲਿਆਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਐੱਸਡੀਐੱਮ ਨੇ ਪ੍ਰਦਰਸ਼ਨਕਾਰੀਆਂ ਕੋਲੋਂ ਮੰਗ ਪੱਤਰ ਲੈਂਦਿਆਂ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਰੋਸ ਧਰਨਾ ਸਮਾਪਤ ਕਰ ਦਿੱਤਾ ਗਿਆ।
ਛੋਟੇ ਟੈਂਪੂ ਚਾਲਕਾਂ ਦੇ ਰੁਜ਼ਗਾਰ ਨੂੰ ਢਾਹ ਲਾਉਣ ਦਾ ਦੋਸ਼
ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਜੁਗਾੜੂ ਮੋਟਰਸਾਈਕਲ ਰੇਹੜੀਆਂ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਜਦੋਂ ਕਿ ਛੋਟੇ ਟੈਂਪੂਆਂ ਵਾਲੇ ਟੈਕਸ ਅਦਾ ਕਰਨ ਦੇ ਬਾਵਜੂਦ ਭੁੱਖੇ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਲਾਉਣ ਸਬੰਧੀ ਜਾਰੀ ਕੀਤੇ ਹੁਕਮ ਬਿਲਕੁਲ ਸਹੀ ਸਨ ਪਰ ਸਰਕਾਰ ਨੇ ਇਹ ਹੁਕਮ ਵਾਪਸ ਲੈ ਕੇ ਛੋਟੇ ਟੈਂਪੂ ਵਾਲਿਆਂ ਦੇ ਰੁਜ਼ਗਾਰ ਨੂੰ ਢਾਹ ਲਗਾਈ ਹੈ। ਉਨ੍ਹਾਂ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਸਬੰਧੀ ਹੁਕਮ ਮੁੜ ਲਾਗੂ ਕਰਨ ਦੀ ਮੰਗ ਕੀਤੀ ਹੈ।