ਰਾਕੇਸ਼ ਸੈਣੀ
ਨੰਗਲ, 18 ਅਗਸਤ
ਨੇੜਲੇ ਪਿੰਡ ਹਾਜੀਪੁਰ ਦੇ ਟਰਾਂਸਪੋਰਟਰ ਹਰਜਾਪ ਸਿੰਘ ਦੀ ਗ੍ਰਿਫ਼ਤਾਰ ਨੂੰ ਲੈ ਕੇ ਟਰੱਕ ਯੂਨੀਅਨ ਅਤੇ ਵੱਖ ਵੱਖ ਪਾਰਟੀਆਂ ਨੇ ਅੱਜ ਸ਼ਾਮ ਨੂੰ ਨੰਗਲ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਲਾਕੇ ਦੇ ਅਸਰ-ਰਸੂਖ਼ ਵਾਲੇ ਆਗੂ ਖਿਲਾਫ਼ ਸ਼ੋਸ਼ਲ ਮੀਡੀਆ ’ਤੇ ਤਿੱਖੀਆਂ ਟਿਪਣੀਆਂ ਕਰਨ ਖ਼ਿਲਾਫ਼ ਕਿਸੇ ਵਿਅਕਤੀ ਵੱਲੋਂ ਹਰਜਾਪ ਸਿੰਘ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਉਂ ਹੀ ਹਰਜਾਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸ਼ੋਸ਼ਲ ਮੀਡੀਆ ’ਤੇ ਫੈਲੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਕਿਸਾਨ ਮੋਰਚੇ ਦੇ ਮੋਹਰੀ ਆਗੂ ਥਾਣੇ ਦੇ ਬਾਹਰ ਪਹੁੰਚ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਪੁਲੀਸ ਉੱਚ ਅਧਿਕਾਰੀਆਂ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਪੁਲੀਸ ਨੇ ਨੰਗਲ ਥਾਣੇ ਲਿਆਂਦਾ ਸੀ, ਉਸਨੇ ਲਿਖਤੀ ਮੁਆਫ਼ੀ ਮੰਗ ਲਈ ਹੈ ਤੇ ਉਸਨੂੰ ਘਰ ਭੇਜ ਦਿੱਤਾ ਗਿਆ ਹੈ। ਉਧਰ, ਹਰਜਾਪ ਸਿੰਘ ਨੇ ਵੀ ਕਿਹਾ ਕਿ ਮਾਮਲਾ ਹੱਲ ਹੋ ਗਿਆ ਹੈ ਤੇ ਉਹ ਆਪਣੇ ਸਾਥੀਆਂ ਨਾਲ ਬਾਅਦ ਵਿੱਚ ਗੱਲ ਕਰਨਗੇ। ਨੰਗਲ ਥਾਣੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟਰ ਆਗੁੂ ਸੁਰਜੀਤ ਢੇਰ, ਡਾ. ਸੰਜੀਵ ਗੌਤਮ, ਸੰਜੀਵ ਰਾਣਾ ਅਤੇ ਐਡਵੋਕੇਟ ਹਰਜੋਤ ਬੈਂਸ ਨੇ ਕਿਹਾ ਕਿ ਹਰਜਾਪ ਸਿੰਘ ਨੂੰ ਕਥਿਤ ਤੌਰ ’ਤੇ ਸਿਆਸੀ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਪ੍ਰਧਾਨ ਸ਼ਮਸ਼ੇਰ ਸਿੰਘ, ਮੀਤ ਪ੍ਰਧਾਨ ਜਸਪਾਲ ਸਿੰਘ ਢਾਂਹੇ, ਨਰਿੰਦਰ ਸਿੰਘ ਰਾਣਾ, ਸੁਰਿੰਦਰ ਸਿੰਘ ਢੇਰ, ਭੁਪਿੰਦਰ ਸਿੰਘ ਸੰਧੂ, ਬਲਵੀਰ ਸਿੰਘ ਬਿੱਲਾ, ਨਿਰਮਲ ਸਿੰਘ, ਕਿਰਤ ਸਿੰਘ ਬਰੋਟੂ ਆਦਿ ਮੌਜੂਦ ਸਨ।