ਸੰਜੀਵ ਬੱਬੀ
ਚਮਕੌਰ ਸਾਹਿਬ, 22 ਅਕਤੂਬਰ
ਚਮਕੌਰ ਸਾਹਿਬ ਖੇਤਰ ਵਿੱਚ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਰੋਜ਼ਾਨਾ ਹੀ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਦੇ ਸੁਤਰਾਂ ਅਨੁਸਾਰ ਹੁਣ ਤੱਕ 13 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜੋ ਕਿ ਸਰਕਾਰੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਪਿੰਡ ਭੋਜੇਮਾਜਰਾ, ਅਸਰਪੁਰ, ਬਜੀਦਪੁਰ, ਬਡਵਾਲੀ, ਖੋਖਰਾਂ, ਸੁਰਤਾਪੁਰ, ਦਾਉਦਪੁਰ ਕਲਾਂ, ਰਸੂਲਪੁਰ, ਜਗਤਪੁਰ, ਰੰਗੀਆਂ, ਚਮਕੌਰ ਸਾਹਿਬ ਵਿੱਚ 1-1 ਮਰੀਜ ਡੇਂਗੂ ਦਾ ਪਾਇਆ ਗਿਆ, ਜਦੋਂ ਕਿ ਕਸਬਾ ਬੇਲਾ ਵਿੱਚ 2 ਮਰੀਜ਼ ਡੇਂਗੂ ਦੇ ਪਾਏ ਗਏ ਹਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੀਪੀ ਸਿੰਘ ਨੇ ਇਨ੍ਹਾਂ ਮਰੀਜ਼ਾਂ ਦੀ ਪੁਸ਼ਟੀ ਕੀਤੀ। ਦੂਜੇ ਪਾਸੇ ਸ਼ਹਿਰ ਵਿੱਚ ਨਗਰ ਪੰਚਾਇਤ ਵੱਲੋਂ ਕਦੇ ਕਦਾਈ ਹੀ ਮਸ਼ੀਨ ਰਾਹੀ ਫੌਗਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਰਜਸਾਧਕ ਅਫਸਰ ਅਵਤਾਰ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਸ਼ੀਨ ਖਰਾਬ ਹੈ।