ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 22 ਜੂਨ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਬਡਾਲੀ ਆਲ਼ਾ ਸਿੰਘ ਤੋਂ ਜੀਟੀ ਰੋਡ ਨਬੀਪੁਰ ਤੱਕ 11 ਕਿੱਲੋਮੀਟਰ ਮਾਰਗ ਦਾ ਨਾਮ 1963 ਵਿੱਚ ਸ਼ਹੀਦ ਸੂਬੇਦਾਰ ਨਸੀਬ ਸਿੰਘ ਦੇ ਨਾਮ ਉਪਰ ਰੱਖਿਆ ਗਿਆ ਸੀ, ਕਿਉਂਕਿ ਇਸ ਮਾਰਗ ਉਪਰ ਸ਼ਹੀਦ ਦਾ ਜੱਦੀ ਪਿੰਡ ਹਿੰਦੂਪੁਰ ਪੈਂਦਾ ਹੈ, ਪਰ ਸੂਬਾ ਸਰਕਾਰ ਵੱਲੋਂ ਇਸ ਮਾਰਗ ਨੂੰ ਨਵਿਆਉਣ ਸਮੇਂ ਸ਼ਹੀਦ ਦਾ ਨਾਮ ਮਨਫ਼ੀ ਕਰ ਦਿੱਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਦੁੱਖ ਦੀ ਗਲ ਹੈ ਕਿ 28 ਫਰਵਰੀ 2014 ਨੂੰ ਇਸੇ ਮਾਰਗ ਨੂੰ ਹੋਰ ਵਧੇਰੇ ਚੰਗਾ ਬਣਾਉਣ ਲਈ ਇਸ ਦਾ ਇਕ ਹੋਰ ਨੀਂਹ ਪੱਥਰ ਸਵਰਗੀ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਬਿੜਾ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਰੱਖਿਆ ਗਿਆ ਪਰ, ਇਸ ਮਾਰਗ ਦੇ ਨੀਂਹ ਪੱਥਰ ਤੋਂ ਸ਼ਹੀਦ ਦਾ ਨਾਮ ਮਿਟਾ ਦਿੱਤਾ ਗਿਆ। ਇਸ ਘਟਨਾ ਨਾਲ ਸ਼ਹੀਦ ਪਰਿਵਾਰ ਅਤੇ ਇਲਾਕਾ ਵਾਸੀਆਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਸੂਬੇਦਾਰ ਨੇ 1962 ਦੀ ਭਾਰਤ ਚੀਨ ਜੰਗ ਵਿਚ ਬੜੀ ਬਹਾਦਰੀ ਨਾਲ ਲੜਾਈ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਸ਼ਹੀਦ ਸੂਬੇਦਾਰ ਨਸੀਬ ਸਿੰਘ ਇਸ ਤੋਂ ਪਹਿਲਾ 1942 ਵਿੱਚ ਬਰ੍ਹਮਾ ਦੀ ਜੰਗ ਵਿੱਚ ਬਰਤਾਨਵੀ ਫ਼ੌਜ ਵੱਲੋਂ ਲੜੇ ਸਨ ਜਿਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਬਰਤਾਨੀਆ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ। ਸ਼ਹੀਦ ਸੂਬੇਦਾਰ 4 ਸਿੱਖ ਰੈਜਮੈਂਟ ਦੇ ਸੈਨਿਕ ਸਨ। 1948 ਵਿਚ ਭਾਰਤ-ਪਾਕਿਸਤਾਨ ਪਹਿਲੀ ਜੰਗ ਕਸ਼ਮੀਰ ਵਾਸਤੇ ਹੋਈ ਸੀ ਜਿਸ ਵਿਚ ਪਾਕਿਸਤਾਨ ਦੀਆਂ ਫ਼ੌਜਾਂ ਦੇ ਦੰਦ ਖੱਟੇ ਕਰਨ ਬਦਲੇ ਸ਼ਹੀਦ ਸੂਬੇਦਾਰ ਨਸੀਬ ਸਿੰਘ ਨੂੰ ਇੰਡੀਅਨ ਸਰਵਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ। ਸ਼ਹੀਦ ਸੂਬੇਦਾਰ ਨਸੀਬ ਸਿੰਘ ਦੀਆਂ ਆਪਣੇ ਵਤਨ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਅਤੇ 1962 ਦੀ ਭਾਰਤ -ਚੀਨ ਜੰਗ ਵਿੱਚ ਹੋਈ ਸ਼ਹੀਦੀ ਨੂੰ ਮੁੱਖ ਰੱਖਦਿਆਂ, ਉਸ ਵੇਲੇ ਦੇ ਡੀਸੀ ਪਟਿਆਲਾ ਵੱਲੋਂ ਇਲਾਕੇ ਦੀਆਂ ਪੰਚਾਇਤਾਂ ਤੇ ਮੋਹਤਬਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਲ 2000 ਵਿੱਚ ਇਸ ਸੜਕ ਦੀ ਪੁਨਰ ਨਿਰਮਾਣ ਯੋਜਨਾ ਅਧੀਨ ਇਸ ਸੜਕ ਨੂੰ ਹੋਰ ਚੌੜਾ ਕੀਤਾ ਗਿਆ ਅਤੇ ਚੌੜੀ ਕੀਤੀ ਸੜਕ ਦਾ ਨੀਂਹ ਪੱਥਰ 18 ਦਸੰਬਰ 2000 ਨੂੰ ਉਸ ਸਮੇਂ ਦੇ ਵਿੱਤ ਤੇ ਯੋਜਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ ਰੱਖਿਆ ਗਿਆ, ਜਿਸ ਉਪਰ ਸ਼ਹੀਦ ਸੂਬੇਦਾਰ ਨਸੀਬ ਸਿੰਘ ਮਾਰਗ ਉੱਕਰਿਆ ਹੋਇਆ ਸੀ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਫ਼ੌਰਨ ਇਸ ਗ਼ਲਤੀ ਨੂੰ ਸੁਧਾਰੇ ਅਤੇ ਸ਼ਹੀਦ ਸੂਬੇਦਾਰ ਨਸੀਬ ਸਿੰਘ ਦੀ ਯਾਦ ਵਿਚ ਬਡਾਲੀ ਆਲ਼ਾ ਸਿੰਘ ’ਚ ਯਾਦਗਾਰੀ ਗੇਟ ਵੀ ਉਸਾਰਿਆ ਜਾਵੇ।