ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 21 ਜਨਵਰੀ
ਗੁਰੂ ਹਰਿ ਰਾਇ ਸਾਹਿਬ ਦੀ ਚਰਨ ਛੋਹ ਧਰਤੀ ਅਤੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਨਾਂ ’ਤੇ ਵਸਾਈ ਗਈ ਆਈਟੀ ਸਿਟੀ ਮੁਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਲੋਕ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇੱਥੇ ਬੱਸ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਬੇਅੰਤ ਸਿੰਘ ਸਰਕਾਰ ਵੇਲੇ ਫੇਜ਼-8 ਵਿੱਚ ਅੰਤਰਰਾਜੀ ਬੱਸ ਅੱਡਾ ਬਣਾਇਆ ਗਿਆ ਸੀ ਪਰ ਕੈਪਟਨ ਸਰਕਾਰ ਨੇ ਇਸ ਅੱਡੇ ਨੂੰ ਬੰਦ ਕਰਕੇ ਫੇਜ਼-6 ਵਿੱਚ ਏਸੀ ਬੱਸ ਅੱਡੇ ਤੋਂ ਬੱਸਾਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਪਰ ਇਹ ਨਵਾਂ ਬੱਸ ਅੱਡਾ ਚੱਲਿਆ ਨਹੀਂ ਤੇ ਪੁਰਾਣਾ ਅੱਡਾ ਬੰਦ ਕਰ ਦਿੱਤਾ ਗਿਆ।
ਸਰਕਾਰਾਂ ਦੀ ਅਣਦੇਖੀ ਕਾਰਨ ਮੁਹਾਲੀ ਵਿੱਚ ਕਈ ਨਾਮੀ ਅਤੇ ਛੋਟੀਆਂ ਸਨਅਤਾਂ ਬੰਦ ਹੋ ਚੁੱਕੀਆਂ ਹਨ ਪਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਬੰਦ ਹੋਈਆਂ ਸਨਅਤਾਂ ਮੁੜ ਚਾਲੂ ਕਰਨ ਲਈ ਦਿਲਚਸਪੀ ਨਹੀਂ ਦਿਖਾਈ। ਉਂਜ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਯਤਨਾਂ ਸਦਕਾ ਬੰਦ ਪਈ ਪਨਵਾਇਰ ਕੰਪਨੀ ਦੇ ਤਾਲੇ ਜ਼ਰੂਰ ਖੁੱਲ੍ਹੇ ਸਨ। ਸਰਕਾਰੀ ਮੈਡੀਕਲ ਕਾਲਜ ਵੀ ਸਮੇਂ ਸਿਰ ਨਹੀਂ ਚੱਲ ਸਕਿਆ। ਨੇੜਲੇ ਪਿੰਡਾਂ ਲਈ ਵੀ ਬੱਸ ਸਰਵਿਸ ਨਾਂਮਾਤਰ ਹੈ ਜਦਕਿ ਪਹਿਲਾਂ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਸੀਟੀਯੂ ਦੇ ਕਈ ਰੂਟ ਚੱਲਦੇ ਸੀ। ਸਰਕਾਰੀ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਵੀ ਮੁਹਾਲੀ ਫਾਡੀ ਰਿਹਾ ਜਦਕਿ ਇੱਥੇ ਪ੍ਰਾਈਵੇਟ ਹਸਪਤਾਲਾਂ ਦੀ ਪੂਰੀ ਚਾਂਦੀ ਹੈ।
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦਾਅਵਾ ਕਰਦੇ ਹਨ ਕਿ ਮੁਹਾਲੀ ਵਿਧਾਨ ਸਭਾ ਹਲਕੇ ਦਾ ਜਿੰਨਾ ਵਿਕਾਸ ਕਾਂਗਰਸ ਸਰਕਾਰ ਵੇਲੇ ਹੋਇਆ, ਉਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਮੁਹਾਲੀ ਵਾਸੀਆਂ ਨੂੰ ਮੈਡੀਕਲ ਕਾਲਜ ਦਾ ਤੋਹਫ਼ਾ ਦਿੱਤਾ, ਨਰਸਿੰਗ ਕਾਲਜ, ਇਕ ਹੋਰ ਨਵਾਂ ਸਿਵਲ ਹਸਪਤਾਲ, ਆਡੀਟੋਰੀਅਮ ਸਮੇਤ ਨਵੇਂ ਅੰਤਰਰਾਜੀ ਬੱਸ ਅੱਡੇ ਦੇ ਨੀਂਹ ਪੱਥਰ ਰੱਖੇ ਗਏ। ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਪੰਜਾਬ ਦੀ ਪਹਿਲੀ 80 ਫੁੱਟ ਚੌੜੀ ਸੜਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਲਗਪਗ ਸਾਰੀਆਂ ਲਿੰਕ ਸੜਕਾਂ ਬਣਾਈਆਂ ਗਈਆਂ ਹਨ। ਮੁਸਲਿਮ ਭਾਈਚਾਰੇ ਦੀ ਮੰਗ ’ਤੇ ਕਬਰਿਸਤਾਨ ਬਣਾ ਕੇ ਦਿੱਤੇ ਗਏ। ਗਮਾਡਾ ਅਤੇ ਪਾਵਰਕੌਮ ਵੱਲ ਬਕਾਇਆ ਪਏ ਕਰੋੜਾਂ ਰੁਪਏ ਨਗਰ ਨਿਗਮ ਨੂੰ ਲੈ ਕੇ ਦਿੱਤੇ ਅਤੇ ਪੂਰੇ ਸ਼ਹਿਰ ਦੀਆਂ ਪਾਰਕਾਂ ਵਿੱਚ ਓਪਨ ਏਅਰ ਜਿਮ ਲਗਾਏ ਗਏ। ਸਿਟੀ ਬੱਸ ਸਰਵਿਸ ਦਾ ਮਤਾ ਪਾਸ ਕਰਵਾ ਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ।
‘ਆਪ’ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੇ 15 ਸਾਲਾਂ ਵਿੱਚ ਕੋਈ ਵਧੀਆ ਕੰਮ ਨਹੀਂ ਕੀਤਾ ਹੈ। ਪਹਿਲਾਂ 10 ਸਾਲ ਇਹ ਕਹਿ ਕੇ ਲੰਘਾ ਦਿੱਤੇ ਕਿ ਅਕਾਲੀ ਸਰਕਾਰ ਹੈ, ਮੇਰੀ ਕੋਈ ਸੁਣਦਾ ਨਹੀਂ ਹੈ ਪਰ ਇਸ ਵਾਰ ਸਰਕਾਰ ਵੀ ਕਾਂਗਰਸ ਪਾਰਟੀ ਦੀ ਸੀ ਅਤੇ ਸਿੱਧੂ ਖ਼ੁਦ ਕੈਬਨਿਟ ਮੰਤਰੀ ਸਨ ਪਰ ਸਾਢੇ ਚਾਰ ਸਾਲਾਂ ਵਿੱਚ ਉਨ੍ਹਾਂ ਨੇ ਡੱਕਾ ਨਹੀਂ ਤੋੜਿਆ। ਮੁਹਾਲੀ ਵਿੱਚ ਜਿਹੜੇ ਕੰਮ ਚੱਲ ਰਹੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਕੰਮ ਉਨ੍ਹਾਂ ਦੇ ਮੇਅਰ ਵਜੋਂ ਕਾਰਜਕਾਲ ਦੌਰਾਨ ਪਾਸ ਕੀਤੇ ਹੋਏ ਹਨ। ਪਾਰਕਾਂ ਵਿੱਚ ਓਪਨ ਏਅਰ ਜਿਮ ਦਾ ਮਤਾ ਵੀ ਉਨ੍ਹਾਂ ਨੇ ਪਾਸ ਕੀਤਾ ਸੀ ਅਤੇ ਸਾਰੇ ਵਾਰਡਾਂ ਵਿੱਚ ਓਪਨ ਏਅਰ ਜਿਮ ਲਗਾਏ ਗਏ। ਚਾਰ ਦਹਾਕੇ ਪੁਰਾਣਾ ਸੀਵਰੇਜ ਬਦਲਣਾ ਅਤੇ ਸਿਟੀ ਬੱਸ ਸਰਵਿਸ ਦਾ ਮਤਾ ਉਨ੍ਹਾਂ ਨੇ ਪਾਸ ਕੀਤਾ ਸੀ ਪਰ ਸਿੱਧੂ ਨੇ ਸਿਆਸੀ ਲਾਹਾ ਲੈਣ ਕਾਰਨ ਉਦੋਂ ਇਹ ਕੰਮ ਪਾਸ ਨਹੀਂ ਹੋਣ ਦਿੱਤੇ। ਕਿਸੇ ਬੰਦ ਪਈ ਸਨਅਤ ਦੇ ਤਾਲੇ ਨਹੀਂ ਖੁੱਲ੍ਹੇ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਨਵੀਂ ਸਨਅਤ ਸਥਾਪਤ ਕੀਤੀ।
ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਇਲਾਕੇ ਦਾ ਵਿਕਾਸ ਕਰਨ ਦੀ ਥਾਂ ਸਿਰਫ਼ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੀ ਉਮੀਦਾਂ ’ਤੇ ਖਰਾ ਨਹੀਂ ਉਤਰੀ ਅਤੇ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।
-ਬਲਬੀਰ ਸਿੰਘ ਸਿੱਧੂ, ਕਾਂਗਰਸ
<!–
<!–
–>
-ਪਰਵਿੰਦਰ ਸਿੰਘ ਬੈਦਵਾਨ, ਅਕਾਲੀ ਦਲ
<!–
<!–
–>
-ਕੁਲਵੰਤ ਸਿੰਘ, ਆਮ ਆਦਮੀ ਪਾਰਟੀ
<!–
<!–
–>