ਜਸਵੰਤ ਜੱਸ
ਫ਼ਰੀਦਕੋਟ, 26 ਮਈ
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਕੁਝ ਦਿਨ ਪਹਿਲਾਂ ਇੱਕ ਹਵਾਲਾਤੀ ਵੱਲੋਂ ਵੀਡੀਓ ਕਾਲ ਕਰਨ ਅਤੇ ਬਾਅਦ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਉਕਤ ਜੇਲ੍ਹ ਦੇ ਡਿਪਟੀ ਸੁਪਰਡੈਂਟ ਜੋਗਿੰਦਰਪਾਲ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੇਲ੍ਹ ਵਿੱਚੋਂ ਵੀਡੀਓ ਕਾਲ ਕਰਨ ਵਾਲੇ ਹਵਾਲਾਤੀ ਕਰਨ ਸ਼ਰਮਾ ਖ਼ਿਲਾਫ਼ ਜੇਲ੍ਹ ਐਕਟ ਤਹਿਤ ਥਾਣਾ ਸਿਟੀ ਫ਼ਰੀਦਕੋਟ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ।
ਗ੍ਰਹਿ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ ਗੰਭੀਰ ਅਪਰਾਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਵੱਲੋਂ ਜੇਲ੍ਹ ਵਿੱਚ ਮੋਬਾਈਲ ਦੀ ਵਰਤੋਂ ਕਰਨ ਨਾਲ ਵਿਭਾਗ ਦੇ ਅਕਸ ਨੂੰ ਢਾਹ ਲੱਗੀ ਹੈ। ਡਿਊਟੀ ਵਿੱਚ ਹੋਈ ਇਸ ਕੁਤਾਹੀ ਲਈ ਅੱਜ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਨਾਲ ਨਾਲ ਉਨ੍ਹਾਂ ਖ਼ਿਲਾਫ਼ ਵਿਭਾਗੀ ਪੜਤਾਲ ਦੇ ਹੁਕਮ ਵੀ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਕਰਨ ਸ਼ਰਮਾ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਸਿਟੀ ਪੁਲੀਸ ਫ਼ਰੀਦਕੋਟ ਨੇ ਗ੍ਰਿਫ਼ਤਾਰ ਕੀਤਾ ਸੀ। ਗੰਭੀਰ ਦੋਸ਼ਾਂ ਹੇਠ ਜੇਲ੍ਹ ਗਏ ਇਸ ਹਵਾਲਾਤੀ ਨੇ ਜੇਲ੍ਹ ਵਿੱਚ ਸ਼ਰ੍ਹੇਆਮ ਮੋਬਾਈਲ ਫੋਨ ਦੀ ਵਰਤੋਂ ਕੀਤੀ ਤੇ ਇਸ ਕਾਲ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਨਸ਼ਰ ਕੀਤੀ, ਜਿਸ ਨਾਲ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸ਼ਰਮਾ ’ਤੇ ਸੁੱਖਾ ਦੁੱਨੇਕੇ ਗਰੋਹ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਹਨ ਤੇ ਉਸ ਖ਼ਿਲਾਫ਼ ਫ਼ਰੀਦਕੋਟ ਪੁਲੀਸ ਨੇ ਤਿੰਨ ਫੌਜਦਾਰੀ ਮੁਕੱਦਮੇ ਦਰਜ ਕੀਤੇ ਹੋਏ ਹਨ।