ਜਗਮੋਹਨ ਸਿੰਘ
ਰੂਪਨਗਰ, 10 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਥੇ ਸ੍ਰੀ ਆਨੰਦਪੁਰ ਸਾਹਿਬ ਦੇ ਨਾਇਬ ਤਹਿਸੀਲਦਾਰ ਰਘਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਘਬੀਰ ਸਿੰਘ ’ਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਜ਼ਿਲ੍ਹਾ ਰੂਪਨਗਰ ਪਿੰਡ ਕਰੂਰਾ ਵਿੱਚ 54 ਏਕੜ ਗ਼ੈਰਮੁਮਕਿਨ ਪਹਾੜ ਦੀ ਸਰਕਾਰ ਵੱਲੋਂ ਕੁਲੈਕਟਰ ਰੇਟ ਨਾਲੋਂ ਵੱਧ ਕੀਮਤ ਉੱਤੇ ਰਜਿਸਟਰੀ ਕਰਵਾਉਣ ਦਾ ਦੋਸ਼ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਥੇ ਦੱਸਿਆ ਕਿ ਮਾਮਲੇ ਸਬੰਧੀ ਪਹਿਲਾਂ ਹੀ ਥਾਣਾ ਨੂਰਪੁਰਬੇਦੀ ਵਿੱਚ ਕੇਸ ਦਰਜ ਹੈ, ਜਿਸ ਦੀ ਤਫਤੀਸ਼ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਰੂਰਾ ਵਿੱਚ 54 ਏਕੜ ਦਾ ਰਕਬਾ ਪੰਜਾਬ ਰਾਜ ਜੰਗਲਾਤ ਕਾਰਪੋਰੇਸ਼ਨ ਐੱਸਏਐੱਸ ਨਗਰ ਵੱਲੋਂ ਖਰੀਦੇ ਜਾਣ ਦੀ ਤਜਵੀਜ਼ ਸੀ, ਜਿਸ ਸਬੰਧੀ ਜਾਂਚ ਲਈ ਬਣਾਈ ਗਈ ਕਮੇਟੀ ਵਿੱਚ ਅਮਿਤ ਚੌਹਾਨ ਵਣ ਮੰਡਲ ਅਫ਼ਸਰ ਰੂਪਨਗਰ, ਜੁਗਰਾਜ ਸਿੰਘ ਰੀਜਨਲ ਮੈਨੇਜਰ ਮੁਹਾਲੀ, ਅਮਰਜੀਤ ਸਿੰਘ ਹਲਕਾ ਪਟਵਾਰੀ ਨੁਮਾਇੰਦਾ ਦਫ਼ਤਰ ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ, ਜਸਪਾਲ ਸਿੰਘ ਰੇਂਜ ਅਫ਼ਸਰ ਬਲਾਕ ਨੂਰਪੁਰਬੇਦੀ, ਰਾਮਪਾਲ ਸਿੰਘ ਸਰਪੰਚ ਪਿੰਡ ਕਰੂਰਾ ਤੇ ਯੋਗੇਸ਼ ਕੁਮਾਰ ਬਤੌਰ ਕਮੇਟੀ ਮੈਂਬਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋ ਪ੍ਰਾਈਵੇਟ ਵਿਅਕਤੀਆਂ ਦਲਜੀਤ ਸਿੰਘ ਭਿੰਡਰ ਤੇ ਅਮਰਿੰਦਰ ਸਿੰਘ ਭਿੰਡਰ ਨੇ ਨਾਇਬ ਤਹਿਸੀਲਦਾਰ ਤੇ ਹੋਰਾਂ ਨਾਲ ਮਿਲੀਭੁਗਤ ਕਰਕੇ 90 ਹਜ਼ਾਰ ਰੁਪਏ ਕੁਲੈਕਟਰ ਰੇਟ ਵਾਲੀ ਜ਼ਮੀਨ ਸਰਕਾਰ ਨੂੰ 9,90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲੱਗਿਆ ਹੈ। ਕਾਰਪੋਰੇਸ਼ਨ ਨੂੰ ਵੇਚਿਆ ਗਿਆ ਰਕਬਾ ਵੀ 54 ਦੀ ਥਾਂ 46 ਏਕੜ ਨਿਕਲਿਆ ਹੈ ਤੇ ਪਹਿਲੀ ਸਤੰਬਰ 2020 ਨੂੰ ਇਸ ਜ਼ਮੀਨ ਦੀ ਰਜਿਸਟਰੀ ਦਾ ਵਸੀਕਾ ਰਘਵੀਰ ਸਿੰਘ ਨਾਇਬ ਤਹਿਸੀਲਦਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨੂਰਪੁਰਬੇਦੀ ਤਹਿਸੀਲ ਵਿੱਚ ਦਰਜ ਕੀਤਾ। ਇਸ ਕੇਸ ਵਿੱਚ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।