ਹਰਜੀਤ ਸਿੰਘ
ਜ਼ੀਰਕਪੁਰ, 12 ਜੂਨ
ਡੇਰਾਬੱਸੀ ਵਿਚ ਲੰਘੇ ਦਿਨੀਂ ਇਕ ਪ੍ਰਾਪਰਟੀ ਡੀਲਰ ਤੋਂ ਇਕ ਕਰੋੜ ਰੁਪਏ ਦੀ ਹੋਈ ਲੁੱਟ-ਖੋਹ ਦੇ ਮਾਮਲੇ ਵਿੱਚ ਪੁਲੀਸ ਨੂੰ ਹਾਲੇ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ। ਪੁਲੀਸ ਮਾਮਲੇ ਵਿੱਚ 48 ਘੰਟੇ ਲੰਘ ਜਾਣ ਦੇ ਬਾਵਜੂਦ ਹਾਲੇ ਤੱਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਮੁਲਜ਼ਮਾਂ ਵਿੱਚੋਂ ਕਿਸੇ ਨੂੰ ਨਹੀਂ ਕਾਬੂ ਕਰ ਸਕੀ। ਇਸ ਦੌਰਾਨ ਅੱਜ ਪੁਲੀਸ ਵੱਲੋਂ ਡੀਐੱਸਪੀ ਐੱਨਐੱਸ ਮਾਹਲ ਦੀ ਅਗਵਾਈ ਹੇਠ ਵੀਆਈਪੀ ਰੋਡ ’ਤੇ ਸਥਿਤ ਪੈਂਟਾ ਹੋਮਜ਼ ਸੁਸਾਇਟੀ ਵਿੱਚ ਅੱਜ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਸਵੇਰੇ ਦਸ ਵਜੇ ਸੁਸਾਇਟੀ ਨੂੰ ਘੇਰ ਲਿਆ। ਇਸ ਦੌਰਾਨ ਹਰੇਕ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਤੇ ਉਥੇ ਖੜ੍ਹੇ ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਸ਼ੱਕੀ ਹਾਲਤ ਵਿੱਚ ਖੜ੍ਹੇ ਪੰਜ ਵਾਹਨ, ਦੋ ਹਥਿਆਰ ਤੇ ਇਕ ਫਲੈਟ ਵਿੱਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ।
ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਬਿਨਾ ਪੁਲੀਸ ਜਾਂਚ ਤੋਂ ਰੱਖੇ ਗਏ ਕਿਰਾਏਦਾਰਾਂ ਸਬੰਧੀ ਮਿੱਥੇ ਸਮੇਂ ਵਿੱਚ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਇੱਕ ਫਲੈਟ ਵਿੱਚੋਂ 12 ਬੋਤਲਾਂ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਹੋਈ ਹੈ, ਜਿਸ ਦੇ ਆਧਾਰ ’ਤੇ ਪੁਲੀਸ ਨੇ ਫਲੈਟ ਦੇ ਮਾਲਕ ਪ੍ਰੋਸ਼ਤਮ ਲਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਕ ਕਿਰਾਏਦਾਰ ਦੀ ਪੁਲੀਸ ਜਾਂਚ ਨਾ ਕਰਵਾਉਣ ਵਾਲੇ ਫਲੈਟ ਮਾਲਕ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਬਜ਼ੇ ਵਿੱਚ ਲਏ ਗਏ ਦੋਵੇਂ ਹਥਿਆਰਾਂ ਦੇ ਮਾਲਕਾਂ ਨੇ ਦੇਰ ਸ਼ਾਮ ਦਸਤਾਵੇਜ਼ ਪੇਸ਼ ਕਰ ਦਿੱਤੇ ਹਨ। ਸ਼ੱਕੀ ਵਾਹਨਾਂ ਦੇ ਮਾਲਕਾਂ ਨੇ ਵੀ ਪੁਲੀਸ ਨਾਲ ਸੰਪਰਕ ਕੀਤਾ ਹੈ।
ਗੋਲੀ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਪੀਜੀਆਈ ’ਚੋਂ ਛੁੱਟੀ ਮਿਲੀ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਬੀਤੇ ਦਿਨੀਂ ਇੱਕ ਪ੍ਰਾਪਰਟੀ ਡੀਲਰ ਤੋਂ ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਹਾਲੇ ਤੱਕ ਚਾਰਾਂ ਵਿੱਚੋਂ ਕਿਸੇ ਵੀ ਮੁਲਜ਼ਮ ਨੂੰ ਕਾਬੂ ਨਹੀਂ ਕਰ ਸਕੀ ਹੈ। ਦੂਜੇ ਪਾਸੇ ਲੁਟੇਰਿਆਂ ਨੂੰ ਫੜਦੇ ਹੋਏ ਗੋਲੀ ਦਾ ਸ਼ਿਕਾਰ ਹੋਏ ਮੁਹੰਮਦ ਸਾਬਰ ਨੂੰ ਅੱਜ ਚੰਡੀਗੜ੍ਹ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਮੁਹੰਮਦ ਸਾਬਰ ਦੇ ਘਰ ਪਹੁੰਚ ਕੇ ਉਸ ਦੀ ਸ਼ਲਾਘਾ ਕੀਤੀ ਤੇ 11 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ। ਸ੍ਰੀ ਰੰਧਾਵਾ ਨੇ ਕਿਹਾ ਕਿ ਮੁਹੰਮਦ ਸਾਬਰ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੁਟੇਰਿਆਂ ਨਾਲ ਲੋਹਾ ਲਿਆ ਹੈ।