ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਮਈ
ਕਰੋਨਾ ਦੇ ਪਾਸਾਰ ਦੌੌਰਾਨ ਜਦੋਂ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਬੈੱਡਾਂ, ਆਕਸੀਜਨ ਤੇ ਟੀਕਾਕਰਨ ਦੀ ਕਮੀ ਪੇਸ਼ ਆ ਰਹੀ ਹੈ ਤਾਂ ਅਜਿਹੇ ਸਮੇਂ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਆਪਣੇ ਸਤਿਸੰਗ ਭਵਨ ਕਰੋਨਾ ਕੇਅਰ ਕੇਂਦਰਾਂ ਵਜੋਂ ਦਿੱਤੇ ਜਾ ਰਹੇ ਹਨ। ਇਸੇ ਤਹਿਤ ਫ਼ਤਿਹਪੁਰ ਵਿਖੇ ਸਤਿਸੰਗ ਭਵਨ ਵਿੱਚ ਕਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਕਰੋਨਾ ਮਰੀਜ਼ਾਂ ਵਾਸਤੇ ਗੱਤੇ ਦੇ ਬੈੱਡ ਬਣਾਏ ਗਏ ਹਨ, ਜਿਨ੍ਹਾਂ ਨੂੰ ਮਗਰੋਂ ਨਸ਼ਟ ਕਰ ਦਿੱਤਾ ਜਾਵੇਗਾ ਤਾਂ ਜੋ ਇਹ ਕਿਸੇ ਹੋਰ ਲਈ ਲਾਗ ਦਾ ਕਾਰਨ ਨਾ ਬਣਨ।
ਇਸ ਕੇਂਦਰ ਵਿੱਚ 120 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ 60 ਪੁਰਸ਼ ਅਤੇ 60 ਮਹਿਲਾ ਕਰੋਨਾ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਇੱਥੇ ਕਰੋਨਾ ਦੇ ਦਰਜਾ ਇੱਕ ਅਤੇ ਦੋ ਦੇ ਮਰੀਜ਼ਾਂ ਦਾ ਇਲਾਜ ਹੋਵੇਗਾ ਪਰ ਇਸ ਲਈ ਡਾਕਟਰੀ ਅਮਲਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਸਤਿਸੰਗ ਭਵਨ ਵੱਲੋਂ ਮਰੀਜ਼ਾਂ ਦੀ ਦੇਖਭਾਲ ਦੇ ਨਾਲ ਨਾਲ ਤਿੰਨ ਵੇਲੇ ਦਾ ਲੰਗਰ ਵੀ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਹਿਰ ਵਿਚਲੇ ਇੱਕ ਸਤਿਸੰਗ ਭਵਨ ਨੂੰ ਕਰੋਨਾ ਟੀਕਾਕਰਨ ਲਈ ਕੇਂਦਰ ਬਣਾਇਆ ਗਿਆ ਹੈ।
ਕਰੋਨਾ ਕੇਅਰ ਸੈਂਟਰ ਦੀ ਸੇਵਾਦਾਰ ਸਿਮਰਨ, ਦਾਨਿਸ਼ ਤੇ ਦਿਸ਼ਾ ਨੇ ਦੱਸਿਆ ਕਿ ਇਨ੍ਹਾਂ ਕਰੋਨਾ ਕੇਅਰ ਕੇਂਦਰਾਂ ਵਿੱਚ ਉਨ੍ਹਾਂ ਲੋੜਵੰਦ ਕਰੋਨਾ ਮਰੀਜ਼ਾਂ ਨੂੰ ਰੱਖਿਆ ਜਾਵੇਗਾ, ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਜਾਂ ਉਨ੍ਹਾਂ ਦੇ ਘਰਾਂ ਵਿੱਚ ਇਕਾਂਤਵਾਸ ਵਾਸਤੇ ਥਾਂ ਨਹੀਂ ਹੈ। ਸੂਬੇ ਦੇ ਮੁੱਖ ਮੰਤਰੀ ਵੱਲੋਂ ਮਦਦ ਮੰਗੇ ਜਾਣ ਮਗਰੋਂ ਡੇਰਾ ਮੁਖੀ ਵੱਲੋਂ ਦਿੱਤੇ ਆਦੇਸ਼ਾਂ ’ਤੇ ਕਰੋਨਾ ਕੇਅਰ ਕੇਂਦਰ 7 ਦਿਨਾਂ ਵਿੱਚ ਤਿਆਰ ਕੀਤੇ ਗਏ ਹਨ। ਇੱਥੇ ਮਰੀਜ਼ਾਂ ਨੂੰ ਤਿੰਨ ਸਮੇਂ ਦੇ ਭੋਜਨ ਸਮੇਤ ਦੁੱਧ, ਚਾਹ, ਫ਼ਲ ਦਿੱਤੇ ਜਾਣਗੇ। ਸੇਵਾਦਾਰ ਇੱਥੇ 24 ਘੰਟੇ ਡਿਊਟੀ ਦੇਣਗੇ।
ਗੱਤੇ ਦੇ ਬੈੱਡਾਂ ਬਾਰੇ ਉਨ੍ਹਾਂ ਦੱਸਿਆ ਕਿ ਸਾਢੇ 6 ਫੁੱਟ ਲੰਮੇ ਅਤੇ 3 ਫੁੱਟ ਚੌੜੇ ਇਨ੍ਹਾਂ ਬੈੱਡਾਂ ਦਾ ਵਜ਼ਨ ਲਗਪਗ 8 ਤੋਂ 10 ਕਿੱਲੋ ਹੈ, ਜਿਨ੍ਹਾਂ ਨੂੰ ਡੱਬਿਆਂ ਵਿੱਚ ਪੈੱਕ ਕਰ ਕੇ ਇੱਥੇ ਭੇਜਿਆ ਗਿਆ। ਇਹ ਬੈੱਡ ਲਗਪਗ 200 ਕਿੱਲੋ ਵਜ਼ਨ ਸਹਾਰ ਸਕਦੇ ਹਨ। ਇਨ੍ਹਾਂ ਉੱਪਰ ਲੈਮੀਨੇਸ਼ਨ ਦੀ ਪਰਤ ਹੈ ਤਾਂ ਜੋ ਪਾਣੀ ਆਦਿ ਨਾਲ ਇਹ ਖ਼ਰਾਬ ਨਾ ਹੋਣ। ਸੇਵਾਦਾਰਾਂ ਦੀ ਟੀਮ ਇੱਥੇ ਤਾਇਨਾਤ ਕਰ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਜਦੋਂ ਇੱਥੇ ਮਰੀਜ਼ ਭੇਜੇ ਜਾਣਗੇ ਤਾਂ ਇਹ ਕੇਂਦਰ ਚਾਲੂ ਹੋ ਜਾਣਗੇ।