ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਨਵੰਬਰ
ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਨੰਗੇ ਸਿਰ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਗੁਰੂ ਗ੍ਰੰਥ ਸਾਹਿਬ ’ਤੇ ਕਿੱਲਾਂ ਸੁੱਟੀਆਂ। ਇਸ ਸਬੰਧੀ ਗੁਰਦੁਆਰੇ ਦੇ ਰਾਗੀ ਪਲਵਿੰਦਰ ਸਿੰਘ ਵਾਸੀ ਮੁਹੱਲਾ ਜੁਝਾਰ ਨਗਰ ਸ਼ਿਮਲਾਪੁਰੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਰਾਜਿੰਦਰ ਸਿੰਘ ਅਤੇ ਜਗਜੀਤ ਸਿੰਘ ਸਮੇਤ ਕੀਰਤਨ ਕਰ ਰਿਹਾ ਸੀ ਅਤੇ ਗਿਆਨੀ ਸਾਹਿਬ ਸਿੰਘ ਸਾਬਰ ਤਾਬਿਆ ਵਿੱਚ ਸੇਵਾ ਨਿਭਾਅ ਰਹੇ ਸਨ। ਇਸ ਦੌਰਾਨ ਅਜੈ ਕੁਮਾਰ ਵਾਸੀ ਵਾਸੀ ਡਾ. ਅੰਬੇਡਕਰ ਨਗਰ ਨੰਗੇ ਸਿਰ ਦਰਬਾਰ ਸਾਹਿਬ ਅੰਦਰ ਦਾਖਲ ਹੋ ਗਿਆ। ਉਸ ਨੇ ਪਹਿਲਾਂ ਤਾਂ ਦੋ ਵਾਰ ਮੱਥਾ ਟੇਕਿਆ ਅਤੇ ਫਿਰ ਕਿੱਲਾਂ ਗੁਰੂ ਗ੍ਰੰਥ ਸਾਹਿਬ ਵੱਲ ਸੁੱਟ ਦਿੱਤੀਆਂ। ਰਾਗੀ ਜਥੇ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।