ਜਗਜੀਤ ਸਿੰਘ
ਮੁਕੇਰੀਆਂ, 21 ਸਤੰਬਰ
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਹੇਠ ਸਥਾਨਕ ਖੰਡ ਮਿੱਲ ਅਧਿਕਾਰੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨਾਲ ਵਾਰ ਵਾ ਕੀਤੇ ਗਏ ਸਮਝੌਤਿਆਂ ਦੇ ਬਾਵਜੂਦ ਹੁਣ ਤੱਕ ਅਦਾਇਗੀਆਂ ਨਾ ਹੋਣ ਤੋਂ ਅੱਕੇ ਕਿਸਾਨਾਂ ਨੂੰ ਹੁਣ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਵੱਲੋਂ ਦਿੱਤੇ ਗਏ ਲਿਖਤੀ ਭਰੋਸੇ ’ਤੇ ਵੀ ਯਕੀਨ ਨਹੀਂ। ਕਿਸਾਨ 23 ਸਤੰਬਰ ਤੱਕ ਅਦਾਇਗੀ ਮੁਕੰਮਲ ਕਰਨ ਅਤੇ ਨਾ ਹੋਣ ਦੀ ਸੂਰਤ ਵਿੱਚ ਆਪਸ਼ਨ ਪੱਤਰ ਜਾਰੀ ਕਰ ਦੇਣ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਇਕ ਦੇ ਦਸਤਸ਼ਤਾਂ ਹੇਠ ਹੋਏ ਲਿਖਤੀ ਸਮਝੌਤੇ ਦੇ ਬਾਵਜੂਦ ਮੁਕੰਮਲ ਅਦਾਇਗੀ ਤੱਕ ਧਰਨਾ ਜਾਰੀ ਰੱਖਣ ਦੇ ਆਪਣੇ ਫ਼ੈਸਲੇ ’ਤੇ ਡਟੇ ਹੋਏ ਹਨ।
ਦੱਸਣਯੋਗ ਹੈ ਕਿ ਬੀਤੀ 18 ਸਤੰਬਰ ਨੂੰ ਖੰਡ ਮਿੱਲ ਅਧਿਕਾਰੀਆਂ ਨੇ ਕੁੱਝ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਅਦਾਇਗੀ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਸੀ, ਜਿਸ ਮਗਰੋਂ ਰੋਹ ’ਚ ਆਏ ਕਿਸਾਨਾਂ ਨੇ ਅਗਲੇ ਦਿਨ ‘ਪੱਗੜੀ ਸੰਭਾਲ ਲਹਿਰ’ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਤੇ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ ਦੀ ਅਗਵਾਈ ਹੇਠ ਮਿੱਲ ਮੂਹਰੇ ਧਰਨਾ ਲਾ ਦਿੱਤਾ।
ਇਸ ਦੌਰਾਨ ਮੀਟਿੰਗ ਵਿੱਚ ਹਲਕਾ ਉੜਮੁੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ, ਐੱਸਡੀਐੱਮ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਖੰਡ ਮਿੱਲ ਪ੍ਰਬੰਧਕਾਂ ਨੇ ਕਿਸਾਨ ਜਥੇਬੰਦੀ ਨੂੰ 23 ਤੱਕ ਸਾਰੀ ਅਦਾਇਗੀ ਕਰਨ ਸਬੰਧੀ ਲਿਖਤੀ ਭਰੋਸਾ ਦਿੱਤਾ ਸੀ। ਅਜਿਹਾ ਨਾ ਹੋਣ ਦੀ ਸੂਰਤ ਵਿੱਚ 24 ਨੂੰ ਪੰਜਾਬ ਸਰਕਾਰ ਵੱਲੋਂ ਖੰਡ ਮਿੱਲ ਮੁਕੇਰੀਆਂ ਨੂੰ ਕੁਰਕ ਨੋਟਿਸ ਜਾਰੀ ਕੀਤਾ ਜਾਵੇਗਾ।