ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ/ਬਸੀ ਪਠਾਣਾਂ, 1 ਜੁਲਾਈ
ਜੈ ਮਾਂ ਮਿਸ਼ਨ ਅਤੇ ਊਸ਼ਾ ਮਾਤਾ ਮੰਦਰ ਬਸੀ ਪਠਾਣਾਂ ਦੇ ਪ੍ਰਮੁੱਖ ਸਵਾਮੀ ਮਹਾਦੇਵ ਦੇ ਦੇਹਾਂਤ ਤੋਂ ਬਾਅਦ ਊਸ਼ਾ ਮਾਤਾ ਮੰਦਰ ਉਪਰ ਸੰਕਟ ਦੇ ਬੱਦਲ ਛਾ ਗਏ ਲਗਦੇ ਹਨ। ਕਰੋਨਾ ਵਾਇਰਸ ਕਾਰਨ ਸਵਾਮੀ ਜੀ ਦੀ ਮੌਤ ਹੋਣ ਮਗਰੋਂ ਮੰਦਰ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਮੰਦਰ ’ਚ ਰਹਿੰਦੀਆਂ ਸਾਧਵੀਆਂ ਤੇ ਪਸ਼ੂਆਂ ਲਈ ਦਿੱਕਤਾਂ ਖੜ੍ਹੀਆਂ ਹੋ ਗਈਆਂ ਹਨ। ਇਸ ਵੇਲੇ ਮੰਦਰ ਵਿਚ ਸਾਧਵੀਆਂ ਸਮੇਤ 16 ਵਿਅਕਤੀ ਇਕਾਂਤਵਾਸ ਕੀਤੇ ਹੋਏ ਹਨ। ਮੰਦਰ ਦੇ ਗੁੱਜਰ ਨੇ ਕਿਹਾ ਕਿ ਮਰਹੂਮ ਸਵਾਮੀ ਜੀ ਨੇ ਲੌਕਡਾਊਨ ਵੇਲੇ ਪ੍ਰਸ਼ਾਸਨ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਸੀ। ਬਸੀ ਪਠਾਣਾਂ ਦੀਆਂ ਝੁੱਗੀਆਂ ’ਚ ਕਰੋਨਾ ਪਾਜ਼ੇਟਿਵ ਕੇਸ ਆਊਣ ’ਤੇ ਵੀ ਲਗਪਗ 500 ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ। ਸ਼ਰਧਾਲੂਆਂ ਨੇ ਦੱਸਿਆ ਕਿ ਊਸ਼ਾ ਮਾਤਾ ਮੰਦਰ ਵਿਖੇ ਪਿਛਲੇ ਤਿੰਨ ਦਿਨਾ ਤੋਂ ਬਿਜਲੀ ਸਪਲਾਈ ਬੰਦ ਸੀ, ਵਾਰ ਵਾਰ ਪ੍ਰਸ਼ਾਸਨ ਨੂੰ ਅਪੀਲ ਕਰਨ ’ਤੇ ਵੀ ਕੰਮ ਨਹੀਂ ਬਣਿਆ ਤੇ ਇਕਾਂਤਵਾਸ ਕੀਤੇ ਸ਼ਰਧਾਲੂਆਂ ਦਾ ਗਰਮੀ ਕਾਰਨ ਬੁਰਾ ਹਾਲ ਸੀ। ਮੰਦਿਰ ਵਿਚ ਗਊਆਂ ਦੀ ਸੇਵਾ ਕਰਨ ਲਈ ਰੱਖੇ ਕਰਮਚਾਰੀ ਦੇ ਪਾਜ਼ੇਟਿਵ ਆਊਣ ਕਾਰਨ ਉਸ ਨੂੰ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਹੁਣ ਮੰਦਰ ਵਿਚ ਗਊਆਂ ਨੂੰ ਚਾਰਾ ਪਾਉਣ ਅਤੇ ਦੁੱਧ ਵਗ਼ੈਰਾ ਚੋਣ ਵਾਲਾ ਕੋਈ ਨਹੀਂ ਹੈ। ਮੰਦਰ ਪ੍ਰਤੀ ਪ੍ਰਸ਼ਾਸਨ ਦੀ ਬੇਰੁਖ਼ੀ ਦੇਖ ਕੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਵਿਚ ਭਾਰੀ ਰੋਸ ਹੈ। ਐੱਸਡੀਐੱਮ ਬਸੀ ਪਠਾਣਾਂ ਨਾਲ ਇਸ ਸਬੰਧੀ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ਰਧਾਲੂਆਂ ਦੇ ਕਹਿਣ ’ਤੇ ਹੀ ਸਵੇਰੇ ਸ਼ਾਮ 3-3 ਘੰਟਿਆਂ ਲਈ ਇਕ ਸੇਵਾਦਾਰ ਨੂੰ ਦੁੱਧ ਕੱਢਣ, ਚਾਰਾ-ਪਾਣੀ ਦੇਣ ਦੀ ਇਜਾਜ਼ਤ ਦਿੱਤੀ ਹੈ। ਬਿਜਲੀ ਸਬੰਧੀ ਉਨ੍ਹਾਂ ਕਿਹਾ ਕਿ ਮੰਦਰ ਅੰਦਰ ਦੀ ਬਿਜਲੀ ਸਪਲਾਈ ਮੰਦਰ ਦੇ ਪ੍ਰਬੰਧਕ ਹੀ ਠੀਕ ਕਰਵਾਉਣਗੇ, ਫ਼ਿਊਜ਼ ਲਗਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ।